ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਅਕਤੂਬਰ
ਪੰਜਾਬ ਸਰਕਾਰ ਨੇ ਦੀਵਾਲੀ ਅਤੇ ਗੁਰਪੁਰਬ ਮੌਕੇ ਸੂਬੇ ’ਚ ਪ੍ਰਦੂਸ਼ਣ ਰਹਿਤ ਪਟਾਕੇ ਚਲਾਉਣ ਲਈ ਦੋ ਘੰਟੇ ਦਾ ਸਮਾਂ ਦੇਣ ਦਾ ਐਲਾਨ ਕੀਤਾ ਹੈ। ਵਾਤਾਵਰਣ, ਸਾਇੰਸ ਤੇ ਤਕਨਾਲੋਜੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਦੀਵਾਲੀ ਸਮੇਤ ਹੋਰ ਤਿਉਹਾਰਾਂ ਮੌਕੇ ਲੋਕਾਂ ਦੀਆਂ ਭਾਵਨਾਵਾਂ ਅਤੇ ਸੁਪਰੀਮ ਕੋਰਟ ਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖ ਕੇ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਵਾਲੇ ਦਿਨ 24 ਅਕਤੂਬਰ ਨੂੰ ਸੂਬੇ ਵਿੱਚ ਦੋ ਘੰਟੇ ਰਾਤ 8 ਤੋਂ 10 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਣਗੇ। ਇਸ ਦੇ ਨਾਲ ਹੀ ਸਿਰਫ ਗਰੀਨ ਪਟਾਕਿਆਂ ਦੀ ਖਰੀਦ-ਵੇਚ ਅਤੇ ਚਲਾਏ ਜਾਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲਿਥੀਅਮ, ਬੇਰੀਅਮ ਆਦਿ ਜ਼ਹਿਰੀਲੇ ਰਸਾਇਣਾਂ ਵਾਲੇ ਪਟਾਕੇ ਤੇ ਲੜੀ ਵਾਲੇ ਪਟਾਕਿਆਂ ’ਤੇ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਅਧਿਕਾਰਤ ਥਾਵਾਂ ’ਤੇ ਹੀ ਪਟਾਕਿਆਂ ਦੀ ਖਰੀਦ-ਵੇਚ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਕਿਹਾ ਕਿ 8 ਨਵੰਬਰ ਨੂੰ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਵੀ ਸਵੇਰੇ 4 ਤੋਂ 5 ਵਜੇ ਤੱਕ ਇਕ ਘੰਟਾ ਅਤੇ ਰਾਤ 9 ਤੋਂ 10 ਵਜੇ ਤੱਕ ਇਕ ਘੰਟਾ ਪਟਾਕੇ ਚਲਾਏ ਜਾਣ ਦੀ ਇਜਾਜ਼ਤ ਹੋਵੇਗੀ। 25-26 ਦਸੰਬਰ ਨੂੰ ਕ੍ਰਿਸਮਸ ਦੀ ਅੱਧੀ ਰਾਤ 11.55 ਤੋਂ 12.30 ਤੱਕ 35 ਮਿੰਟ ਅਤੇ ਨਵੇਂ ਵਰ੍ਹੇ ਦੀ ਆਮਦ ਮੌਕੇ 31 ਦਸੰਬਰ-1 ਜਨਵਰੀ ਦੀ ਅੱਧੀ ਰਾਤ 11.55 ਤੋਂ 12.30 ਤੱਕ 35 ਮਿੰਟ ਪਟਾਕੇ ਚਲਾਏ ਜਾਣ ਦੀ ਇਜਾਜ਼ਤ ਹੋਵੇਗੀ।