ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਮਈ
ਪੰਜਾਬ ਸਰਕਾਰ ਨੇ ਅੱਜ ਕੌਮਾਂਤਰੀ ਨਰਸ ਦਿਵਸ ਮੌਕੇ ਸੂਬੇ ਦੇ ਨਰਸਿੰਗ ਸਟਾਫ਼ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ‘ਨਰਸਿੰਗ ਸਿਸਟਰਜ਼’ ਦੇ ਅਹੁਦੇ ਨੂੰ ‘ਨਰਸਿੰਗ ਅਫ਼ਸਰ’ ਵਿੱਚ ਤਬਦੀਲ ਕਰ ਦਿੱਤਾ ਹੈ। ਇਹ ਐਲਾਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਵਿਜੈ ਸਿੰਗਲਾ ਨੇ ਅੱਜ ਇਥੇ ਕੀਤਾ। ਉਹ ਅੱਜ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ‘ਪੰਜਾਬ ਨਰਸਿੰਗ ਐਸੋਸੀਏਸ਼ਨ’ ਅਤੇ ਰਾਜਿੰਦਰਾ ਹਸਪਤਾਲ ਦੇ ਨਰਸਿੰਗ ਸਟਾਫ਼ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ।
ਇਸ ਮੌਕੇ ਸਿਹਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਨਰਸਿੰਗ ਸਟਾਫ਼ ਵੱਲੋਂ ਮਰੀਜ਼ਾਂ ਦੀ ਸੰਭਾਲ ਅਤੇ ਕੋਵਿਡ ਮਹਾਮਾਰੀ ਦੌਰਾਨ ਨਿਭਾਈਆਂ ਸੇਵਾਵਾਂ ਦਾ ਸਤਿਕਾਰ ਕਰਦਿਆਂ, ਨਰਸਿੰਗ ਸਟਾਫ਼ ਦੀਆਂ ਕੁਝ ਮੰਗਾਂ ਮੰਨਣ ਸਮੇਤ ‘ਨਰਸਿੰਗ ਸਿਸਟਰਜ਼’ ਦੇ ਅਹੁਦੇ ਨੂੰ ‘ਨਰਸਿੰਗ ਅਫ਼ਸਰ’ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਰਸਿੰਗ ਸਟਾਫ਼ ਦੀਆਂ ਮੰਗਾਂ ਸਮਾਂਬੱਧ ਤਰੱਕੀ ਨਾਲ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਜਲਦੀ ਹੀ ਨਰਸਿੰਗ ਸਟਾਫ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ’ਤੇ ਪੱਕੀ ਭਰਤੀ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਰਾਜਿੰਦਰਾ ਹਸਪਤਾਲ ਵਿੱਚ 25 ਲੱਖ ਰੁਪਏ ਦੀਆਂ ਐਮਰਜੈਂਸੀ ਦਵਾਈਆਂ ਵੀ ਭੇਜੀਆਂ ਗਈਆਂ। ਇਸ ਮੌਕੇ ਸਰਕਾਰ ਦਾ ਧੰਨਵਾਦ ਕਰਦਿਆਂ, ਪੰਜਾਬ ਨਰਸਿੰਗ ਐਸੋਸੀਏਸ਼ਨ ਦੀ ਕਨਵੀਨਰ ਪਰਮਜੀਤ ਕੌਰ ਸੰਧੂ ਤੇ ਰਾਜਿੰਦਰਾ ਹਸਪਤਾਲ ਦੀ ਨਰਸਿੰਗ ਸੁਪਰਡੈਂਟ ਮਨਜੀਤ ਕੌਰ ਧਾਲੀਵਾਲ ਨੇ ਮਹਿਮਾਨਾਂ ਦਾ ਸਨਮਾਨ ਕੀਤਾ।
ਥੈਲੇਸੀਮੀਆ ਦੀ ਰੋਕਥਾਮ ਲਈ ਰਾਜਿੰਦਰਾ ਹਸਪਤਾਲ ’ਚ ਬਣੇਗਾ ਜੈਨੇਟਿਕ ਕਾਊਂਸਲਿੰਗ ਸੈਂਟਰ
‘ਵਿਸ਼ਵ ਥੈਲੇਸੀਮੀਆ ਦਿਵਸ’ ਨੂੰ ਸਮਰਪਿਤ ਅੱਜ ਇਥੇ ਰਾਜਿੰਦਰਾ ਹਸਪਤਾਲ ਵਿੱਚ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਥੈਲੇਸੀਮੀਆ ਇੱਕ ਖ਼ਾਨਦਾਨੀ (ਜੈਨੇਟਿਕ) ਵਿਕਾਰ ਹੈ, ਜਿਸ ਨੂੰ ਰੋਕਣ ਲਈ ਰਾਜਿੰਦਰਾ ਹਸਪਤਾਲ ਵਿੱਚ ਜੈਨੇਟਿਕ ਕਾਉਂਸਲਿੰਗ ਸੈਂਟਰ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਪਹਿਲਕਦਮੀ ਸਦਕਾ ਪਹਿਲੀ ਵਾਰ ਪੀੜਤ ਬੱਚਿਆਂ ਦੇ ਇਲਾਜ ਲਈ ਕੌਮੀ ਬਾਲ ਸਿਹਤ ਪ੍ਰੋਗਰਾਮ ਤਹਿਤ ਰਾਜਿੰਦਰਾ ਹਸਪਤਾਲ ਵਿੱਚ ਬੋਨ ਮੈਰੋ ਟਰਾਂਸਪਲਾਂਟ ਦੀ ਸ਼ੁਰੂਆਤ ਕਰਵਾਈ ਗਈ ਹੈ, ਜਿਸ ਲਈ ਪਹਿਲਾਂ ਚੇਨੱਈ ਜਾਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਬੋਨ ਮੈਰੋ ਟ੍ਰਾਂਸਪਲਾਂਟ ਲਈ ਸਰਕਾਰ ਵੱਲੋਂ 13 ਸਾਲ ਤੱਕ ਦੀ ਉਮਰ ਦੇ ਮਰੀਜ਼ਾਂ ਲਈ 10 ਲੱਖ ਰੁਪਏ ਦੀ ਮਦਦ ਕੀਤੀ ਜਾਂਦੀ ਹੈ।