ਚੰਡੀਗੜ੍ਹ, 17 ਜਨਵਰੀ
ਪੰਜਾਬ ਅਤੇ ਹਰਿਆਣਾ ਸਮੇਤ ਪੂਰੇ ਉੱਤਰੀ ਭਾਰਤ ’ਚ ਹੱਡ ਚੀਰਵੀਂ ਠੰਢ ਨੇ ਲੋਕਾਂ ਦੇ ਕੜਾਕੇ ਕੱਢ ਕੇ ਰੱਖ ਦਿੱਤੇ ਹਨ। ਸੀਤ ਹਵਾਵਾਂ ਅਤੇ ਸੰਘਣੀ ਧੁੰਦ ਕਾਰਨ ਕਈ ਥਾਵਾਂ ’ਤੇ ਤਾਪਮਾਨ ਆਮ ਨਾਲੋਂ ਹੇਠਾਂ ਰਿਹਾ। ਕਸ਼ਮੀਰ ਵਾਦੀ ’ਚ ਘੱਟੋ ਘੱਟ ਤਾਪਮਾਨ ਮਾਮੂਲੀ ਵਧਣ ਦੇ ਬਾਵਜੂਦ ਵੀ ਐਤਵਾਰ ਨੂੰ ਸੀਤ ਲਹਿਰ ਦਾ ਕਹਿਰ ਜਾਰੀ ਰਿਹਾ। ਮੌਸਮ ਵਿਭਾਗ ਨੇ ਕਿਹਾ ਹੈ ਕਿ 22 ਜਨਵਰੀ ਤੋਂ ਬਾਅਦ ਕੁਝ ਦਿਨਾਂ ਲਈ ਪੱਛਮੀ ਗੜਬੜੀ ਦਾ ਅਸਰ ਜੰਮੂ ਕਸ਼ਮੀਰ ’ਤੇ ਪੈ ਸਕਦਾ ਹੈ ਜਿਸ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਬਰਫ਼ਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਚੰਡੀਗੜ੍ਹ ਅਤੇ ਹੋਰ ਕੁਝ ਥਾਵਾਂ ’ਤੇ ਅੱਜ ਸੂਰਜ ਚੜ੍ਹਿਆ ਪਰ ਸਰਦ ਹਵਾਵਾਂ ਨੇ ਲੋਕਾਂ ਨੂੰ ਜਕੜੀ ਰੱਖਿਆ। ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਮੈਦਾਨੀ ਇਲਾਕਿਆਂ ’ਚੋਂ ਨਾਰਨੌਲ ’ਚ ਤਾਪਮਾਨ 2.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਆਮ ਨਾਲੋਂ ਤਿੰਨ ਡਿਗਰੀ ਹੇਠਾਂ ਰਿਹਾ। ਇਸੇ ਤਰ੍ਹਾਂ ਬਠਿੰਡਾ ਅਤੇ ਹਿਸਾਰ ’ਚ ਵੀ ਠੰਢ ਨੇ ਵੱਟ ਕੱਢ ਕੇ ਰੱਖ ਦਿੱਤੇ ਹਨ। ਦੋਵੇਂ ਸ਼ਹਿਰਾਂ ’ਚ ਤਾਪਮਾਨ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਫਰੀਦਕੋਟ ’ਚ ਤਾਪਮਾਨ 5.5 ਡਿਗਰੀ, ਗੁਰਦਾਸਪੁਰ ’ਚ 7, ਅੰਮ੍ਰਿਤਸਰ ’ਚ 7.3, ਲੁਧਿਆਣਾ ’ਚ 7.6, ਪਟਿਆਲਾ ’ਚ 7.4, ਪਠਾਨਕੋਟ ’ਚ 8.6 ਅਤੇ ਆਦਮਪੁਰ ’ਚ 7.5 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਦੋਵੇਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ’ਚ ਘੱਟੋ ਘੱਟ ਤਾਪਮਾਨ 8.3 ਡਿਗਰੀ ਸੈਲਸੀਅਸ ਰਿਹਾ। ਪਿਛਲੇ ਕੁਝ ਦਿਨਾਂ ਤੋਂ ਦੋਵੇਂ ਸੂਬਿਆਂ ਅਤੇ ਚੰਡੀਗੜ੍ਹ ’ਚ ਜ਼ਿਆਦਾਤਰ ਥਾਵਾਂ ’ਤੇ ਵੱਧ ਤੋਂ ਵੱਧ ਤਾਪਮਾਨ ਵੀ ਆਮ ਨਾਲੋਂ 6 ਤੋਂ 10 ਡਿਗਰੀ ਸੈਲਸੀਅਸ ਹੇਠਾਂ ਚੱਲ ਰਿਹਾ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਜ਼ਿਆਦਾਤਰ ਥਾਵਾਂ ’ਤੇ ਸਵੇਰ ਵੇਲੇ ਸੰਘਣੀ ਧੁੰਦ ਦਾ ਕਹਿਰ ਜਾਰੀ ਰਹੇਗਾ।
ਕਸ਼ਮੀਰ ਵਾਦੀ ’ਚ ਲੋਕਾਂ ਨੂੰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਕਸ਼ਮੀਰ ’ਚ ਰਾਤ ਦੇ ਤਾਪਮਾਨ ’ਚ ਮਾਮੂਲੀ ਵਾਧਾ ਦਰਜ ਹੋਇਆ ਹੈ ਪਰ ਇਹ ਮਨਫ਼ੀ ਤੋਂ ਕਈ ਡਿਗਰੀ ਸੈਲਸੀਅਸ ਹੇਠਾਂ ਰਿਹਾ। ਸ੍ਰੀਨਗਰ ’ਚ ਤਾਪਮਾਨ ਮਨਫ਼ੀ 7.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਪਿਛਲੀ ਰਾਤ ਦੇ ਤਾਪਮਾਨ ਮਨਫ਼ੀ 8.2 ਡਿਗਰੀ ਸੈਲਸੀਅਸ ਤੋਂ ਵੱਧ ਹੈ। ਪਹਿਲਗਾਮ ’ਚ ਪਾਰਾ ਮਨਫ਼ੀ 9.4, ਗੁਲਮਰਗ ’ਚ ਮਨਫ਼ੀ 4.2 ਅਤੇ ਕਾਜ਼ੀਗੁੰਡ ’ਚ ਮਨਫ਼ੀ 9 ਡਿਗਰੀ ਸੈਲਸੀਅਸ ਰਿਹਾ। -ਪੀਟੀਆਈ
ਕੇਲਾਂਗ ’ਚ ਪਾਰਾ ਮਨਫ਼ੀ 8 ਡਿਗਰੀ ’ਤੇ ਪਹੁੰਚਿਆ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕੇਲਾਂਗ ’ਚ ਪਾਰਾ ਮਨਫ਼ੀ 8 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਮਨਾਲੀ ’ਚ ਘੱਟੋ ਘੱਟ ਤਾਪਮਾਨ 1.8 ਡਿਗਰੀ ਸੈਲਸੀਅਸ ਰਿਹਾ। ਇਸੇ ਤਰ੍ਹਾਂ ਸ਼ਿਮਲਾ ’ਚ ਤਾਪਮਾਨ 8.1, ਡਲਹੌਜ਼ੀ ’ਚ 9.2 ਅਤੇ ਕੁਫ਼ਰੀ ’ਚ 9.4 ਡਿਗਰੀ ਸੈਲਸੀਅਸ ਦਰਜ ਹੋਇਆ। ਸੋਲਨ ਅਤੇ ਕਾਂਗੜਾ ’ਚ ਸਭ ਤੋਂ ਵੱਧ ਤਾਪਮਾਨ 20-20 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਮੌਸਮ ਵਿਭਾਗ ਨੇ ਸੋਮਵਾਰ ਨੂੰ ਮੈਦਾਨੀ ਇਲਾਕਿਆਂ ’ਚ ਸੰਘਣੀ ਧੁੰਦ ਦੀ ਪੇਸ਼ੀਨਗੋਈ ਕੀਤੀ ਹੈ। ਸ਼ੁੱਕਰਵਾਰ ਤੋਂ ਬਾਅਦ ਪੱਛਮੀ ਗੜਬੜੀ ਕਾਰਨ ਮੀਂਹ ਅਤੇ ਬਰਫ਼ਬਾਰੀ ਪੈਣ ਦੀ ਸੰਭਾਵਨਾ ਜਤਾਈ ਗਈ ਹੈ। -ਪੀਟੀਆਈ