ਜਗਮੋਹਨ ਸਿੰਘ
ਰੂਪਨਗਰ, 8 ਅਗਸਤ
ਰੂਪਨਗਰ ਦੇ ਇੱਕ ਨਾਮੀ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਦੇ ਅਧਿਆਪਕ ਵੱਲੋਂ ਸਕੂਲ ਪੜ੍ਹਦੀਆਂ ਨੌਵੀਂ ਤੇ ਦਸਵੀਂ ਜਮਾਤ ਦੀਆਂ ਨਾਬਾਲਗ ਵਿਦਿਆਰਥਣਾਂ ਨੂੰ ਅਸ਼ਲੀਲ ਸੁਨੇਹੇ ਭੇਜਣ ਤੇ ਗਲਤ ਹਰਕਤਾਂ ਕਰਨ ਤੋਂ ਬਾਅਦ ਭਾਵੇਂ ਕਥਿਤ ਦੋਸ਼ੀ ਅਧਿਆਪਕ ਵਿਰੁੱਧ ਸਖਤ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ, ਪਰ ਇਸ ਦੇ ਬਾਵਜੂਦ ਲੋਕਾਂ ਦਾ ਗੁੱਸਾ ਹਾਲੇ ਤੱਕ ਠੰਡਾ ਨਹੀਂ ਹੋਇਆ ਹੈ। ਅੱਜ ਵੱਡੀ ਗਿਣਤੀ ਵਿੱਚ ਸਮਾਜ ਸੇਵੀ ਸੰਸਥਾਵਾਂ ਨੇ ਸਕੂਲ ਦੇ ਅੱਗੇ ਰੋਸ ਧਰਨਾ ਦਿੰਦਿਆਂ ਹੋਇਆਂ ਅਧਿਆਪਕ ਸੁਨੀਲ ਸ਼ਰਮਾ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਅਤੇ ਸਕੂਲ ਦੀ ਪ੍ਰਿੰਸੀਪਲ ਸੰਗੀਤਾ ਰਾਣੀ ਤੇ ਮੁਲਜ਼ਮ ਅਧਿਆਪਕ ਦਾ ਪੱਖ ਪੂਰਨ ਤੇ ਪੀੜਤ ਲੜਕੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਗਲਤ ਠਹਿਰਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਪ੍ਰਿੰਸੀਪਲ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਸਕੂਲ ਅੱਗੇ ਵੱਡੀ ਗਿਣਤੀ ਲੋਕਾਂ ਦਾ ਇਕੱਠ ਵੇਖਦਿਆਂ ਹੋਇਆਂ ਪੁਲੀਸ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਤੋਂ ਇਲਾਵਾ ਸਕੂਲ ਪ੍ਰਬੰਧਕਾਂ ਦੇ ਹੋਸ਼ ਉੱਡ ਗਏ ਤੇ ਧਰਨਾਕਾਰੀਆਂ ਦੇ ਰੋਹ ਅੱਗੇ ਝੁਕਦਿਆਂ ਸਕੂਲ ਪ੍ਰਬੰਧਕਾਂ ਵੱਲੋਂ ਪ੍ਰਿੰਸੀਪਲ ਸੰਗੀਤਾ ਰਾਣੀ ਤੋਂ ਪ੍ਰਿੰਸੀਪਲ ਦਾ ਚਾਰਜ ਵਾਪਸ ਲੈਂਦਿਆਂ ਹੋਇਆਂ ਦਿੱਲੀ ਕਮੇਟੀ ਵੱਲੋਂ ਕੀਤੀ ਜਾ ਰਹੀ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਦੇ ਸਕੂਲ ਆਉਣ ਤੇ ਰੋਕ ਲਗਾ ਦਿੱਤੀ ਹੈ ਤੇ ਸਕੂਲ ਅਧਿਆਪਕ ਇਕਬਾਲ ਸਿੰਘ ਨੂੰ ਪ੍ਰਿੰਸੀਪਲ ਦਾ ਚਾਰਜ ਸੰਭਾਲ ਦਿੱਤਾ ਗਿਆ ਹੈ। ਇਸ ਮੌਕੇ ਪ੍ਰਿੰਸੀਪਲ ਸੰਗੀਤਾ ਰਾਣੀ ਨੇ ਧਰਨਾਕਾਰੀਆਂ ਤੋਂ ਲਿਖਤੀ ਤੌਰ ਤੇ ਮੁਆਫੀ ਵੀ ਮੰਗੀ।