ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਨਵੰਬਰ
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਜੇਕਰ ਕਿਸਾਨ ਸੰਘਰਸ਼ ਨੂੰ ਸਮਾਂ ਰਹਿੰਦੇ ਸੂਝ-ਬੂਝ ਨਾਲ ਹੱਲ ਨਾ ਕੀਤਾ ਗਿਆ, ਤਾਂ ਇਹ ਕੇਂਦਰ ਸਰਕਾਰ ਦੀਆਂ ਅਸੀਮ ਸ਼ਕਤੀਆਂ ਨੂੰ ਘੱਟ ਕਰਨ ਵੱਲ ਵੀ ਤੁਰ ਸਕਦਾ ਹੈ ਜਿਸ ਦੇ ਮਾੜੇ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸ ਤਰ੍ਹਾਂ ਬੇਕਾਬੂ ਹੋਈ ਸਥਿਤੀ ਨੂੰ ਕਾਬੂ ਕਰਨਾ ਆਸਾਨ ਨਹੀਂ ਹੋਵੇਗਾ।
ਅੱਜ ਇਥੇ ਜਾਰੀ ਕੀਤੇ ਬਿਆਨ ਵਿੱਚ ਰਾਮੂਵਾਲੀਆ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਿਸਾਨ ਸੰਘਰਸ਼ਾਂ ਨੇ ਕਈ ਦੇਸ਼ਾਂ ਦੀਆਂ ਸਰਕਾਰਾਂ ਦਾ ਤਖ਼ਤਾ ਪਲਟਿਆ ਹੈ। ਚੀਨ, ਰੂਸ, ਕਿਊਬਾ ਵਰਗੇ ਦੇਸ਼ਾਂ ਦੀਆਂ ਉਦਾਹਰਨਾਂ ਸਾਡੇ ਸਾਹਮਣੇ ਹਨ। ਇਥੋਂ ਤਕ ਕਿ ਅਮਰੀਕਾ ਦਾ ਰਾਸ਼ਟਰਪਤੀ ਇਬਰਾਹੀਮ ਲਿੰਕਨ ਵੀ ਕਿਸਾਨ ਸੰਘਰਸ਼ ਮੂਹਰੇ ਬੇਵੱਸ ਹੋ ਗਿਆ ਸੀ। ਊਨ੍ਹਾਂ ਕਿਹਾ ਕਿ ਜਿਵੇਂ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਕੇਂਦਰ ਦੀਆਂ ਅਸੀਮ ਸ਼ਕਤੀਆਂ ਘਟਾ ਕੇ ਸੰਘੀ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਸੀ, ਉਵੇਂ ਹੀ ਹੁਣ ਖੱਬੇ-ਪੱਖੀ ਲੋਕ ਵੀ ਭਾਰਤ ਦੀ ਕੇਂਦਰ ਸਰਕਾਰ ਦੇ ਖੰਭ ਕੁਤਰਨ ਵੱਲ ਤੁਰ ਸਕਦੇ ਹਨ।
ਸਾਬਕਾ ਮੰਤਰੀ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਇਹ ਕਿਸਾਨ ਆਪਣੀ ਤਰੱਕੀ ਅਤੇ ਸਵੈ-ਮਾਣ ਲਈ ਹੀ ਲੜ ਰਹੇ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦੂਰਅੰਦੇਸ਼ੀ ਨਾਲ ਇਹ ਮਸਲੇ ਹੱਲ ਕਰਨ ਲਈ ਯਤਨ ਕਰੇ।