ਸ਼ਗਨ ਕਟਾਰੀਆ
ਬਠਿੰਡਾ, 25 ਦਸੰਬਰ
ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਪੀਪਲਜ਼ ਫੋਰਮ, ਬਰਗਾੜੀ ਵੱਲੋਂ ਅੱਜ ਚੌਥਾ ਚਾਰ ਰੋਜ਼ਾ ਪੀਪਲਜ਼ ਲਿਟਰੇਰੀ ਫੈਸਟੀਵਲ ਸ਼ੁਰੂ ਕੀਤਾ ਗਿਆ। ਫੈਸਟੀਵਲ ਦੇ ਉਦਘਾਟਨੀ ਸ਼ੈਸਨ ਵਿੱਚ ਕੁੰਜੀਵਤ ਭਾਸ਼ਨ ਕੌਮਾਂਤਰੀ ਖੇਤੀ, ਖੁਰਾਕ ਅਤੇ ਵਪਾਰ ਨੀਤੀ ਵਿਸ਼ਲੇਸ਼ਕ ਡਾ. ਦਵਿੰਦਰ ਸ਼ਰਮਾ ਨੇ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜੇ ਖੇਤੀ ਕਾਨੂੰਨਾਂ ਨੂੰ ਮਾਹਿਰ ਨਹੀਂ ਸਮਝ ਸਕੇ, ਉਹ ਕਿਸਾਨਾਂ ਦੀ ਸਮਝ ਵਿੱਚ ਝੱਟ ਆ ਗਏ। ਸਿੱਟੇ ਵਜੋਂ ਭਾਰਤ ਸਰਕਾਰ ਨੂੰ ਕਿਸਾਨਾਂ ਦੇ ਦਬਾਅ ਅੱਗੇ ਝੁਕਦਿਆਂ ਮਜਬੂਰਨ ਇਹ ਖੇਤੀ ਕਾਨੂੰਨ ਰੱਦ ਕਰਨੇ ਪਏ। ਸ੍ਰੀ ਸ਼ਰਮਾ ਨੇ ‘ਖੇਤੀ ਦੀ ਪੁਨਰ ਸੁਰਜੀਤੀ’ ਵਿਸ਼ੇ ’ਤੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਦੱਸਿਆ ਕਿ ਅਮਰੀਕੀ ਕਿਸਾਨਾਂ ਸਿਰ ਵੀ ਕਰਜ਼ਾ ਹੈ ਤੇ ਜੇ ਉਨ੍ਹਾਂ ਨੂੰ ਸਬਸਿਡੀ ਨਾ ਮਿਲੇ ਤਾਂ ਉਹ ਵੀ ਖੇਤੀ ਛੱਡ ਜਾਣਗੇ। ਉਨ੍ਹਾਂ ਕਿਹਾ ਕਿ ਵਿਕਸਤ ਮੁਲਕਾਂ ’ਚ ਵੀ ਨਾ ਕਿਸਾਨਾਂ ਦੀ ਆਮਦਨ ਵਧੀ ਹੈ, ਨਾ ਕਰਜ਼ਾ ਘਟਿਆ ਹੈ ਤੇ ਨਾ ਹੀ ਖੁਦਕੁਸ਼ੀਆਂ ਰੁਕੀਆਂ ਹਨ। ਇਸ ਤਰ੍ਹਾਂ ਇਹ ਫੇਲ੍ਹ ਖੇਤੀ ਮਾਡਲ ਭਾਰਤ ਵਿੱਚ ਵੀ ਕਾਮਯਾਬ ਨਹੀਂ ਹੋ ਸਕਦੇ। ਪੈਦਾਵਾਰ ਦਾ ਵਧਣਾ ਖੇਤੀ ਸੰਕਟ ਦਾ ਕਾਰਨ ਨਹੀਂ, ਅਸਲ ਕਾਰਨ ਖੇਤੀ ਵਿੱਚਲੀ ਮੈਚ ਫਿਕਸਿੰਗ ਹੈ। ਮੁੱਖ ਮਹਿਮਾਨ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਖੇਤੀ ਸਕੱਤਰਾਂ ਦੀ ਮੀਟਿੰਗ ਵਿੱਚ ਖੇਤੀ ਕਾਨੂੰਨਾਂ ਬਾਰੇ ਵਿਰੋਧ ਦਰਜ ਕਰਵਾਉਂਦਿਆਂ ਉਨ੍ਹਾਂ ਕਿਹਾ ਸੀ ਕਿ ਖੇਤੀ ਰਾਜਾਂ ਦਾ ਵਿਸ਼ਾ ਹੈ ਤੇ ਇਨ੍ਹਾਂ ਤਿੰਨ ਕਾਨੂੰਨਾਂ ਨੇ ਏਪੀਐੱਮਐੱਸ ਦਾ ਢਾਂਚਾ ਇੱਕ ਝਟਕੇ ਨਾਲ ਹੀ ਖ਼ਤਮ ਕਰ ਦਿੱਤਾ ਹੈ। ਵਿਸ਼ੇਸ਼ ਮਹਿਮਾਨ ਕੇਵਲ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਦੇ ਸਾਰੇ ਫ਼ਿਕਰ ਰੰਗਮੰਚ ਰਾਹੀਂ ਸਾਂਝੇ ਹੁੰਦੇ ਹਨ। ਉਨ੍ਹਾਂ ਕਿਸਾਨ ਮੋਰਚੇ ਵਿੱਚ ਖੇਡੇ ਜੋਗਿੰਦਰ ਬਾਹਰਲੇ ਦੇ ਨਾਟਕ ‘ਹਾੜੀਆਂ-ਸੌਣੀਆਂ’ ਦਾ ਵਿਸ਼ੇਸ਼ ਜ਼ਿਕਰ ਕੀਤਾ। ਪ੍ਰਧਾਨਗੀ ਭਾਸ਼ਨ ਦਿੰਦਿਆਂ ਪਦਮਸ਼੍ਰੀ ਸੁਰਜੀਤ ਪਾਤਰ ਨੇ ਕਿਹਾ ਕਿ ਤਿੰਨ ਕਾਨੂੰਨ ਵਾਪਸ ਕਰਵਾਉਣਾ ਇਵੇਂ ਹੈ ਜਿਵੇਂ ਅਸੀਂ ਆਪਣੇ ਜ਼ਖ਼ਮਾਂ ਤੋਂ ਲੂਣ ਨੂੰ ਪਰੇ ਕਰ ਦਿੱਤਾ ਹੋਵੇ, ਪਰ ਜ਼ਖਮ ਤਾਂ ਹਾਲੇ ਉਵੇਂ ਹੀ ਹਨ। ਫੈਸਟੀਵਲ ਦੇ ਦੂਜੇ ਸ਼ੈਸ਼ਨ ‘ਮਜਲਿਸ’ ਵਿੱਚ ਬਲਬੀਰ ਪਰਵਾਨਾ, ਗੁਰਮੀਤ ਕੜਿਆਲਵੀ ਅਤੇ ਨਿੰਦਰ ਘੁਗਿਆਣਵੀ ਨੇ ਆਪਣੇ ਸਾਹਿਤਕ ਜੀਵਨ ਦੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ਕਰਨਲ ਬਲਬੀਰ ਸਿੰਘ ਸਰਾ ਦੀ ਪੁਤਸਕ ‘1971-ਕਹਾਣੀ ਇੱਕ ਜੰਗ ਦੀ’ ‘ਵੱਡਾ ਜੰਗ ਯੂਰਪ’ ਕੇਵਲ ਧਾਲੀਵਾਲ ਦੀ ਨਾਟ ਪੁਸਤਕ ‘ਕਹਿੰਦੇ ਨੇ ਨੈਣਾ’ ਚਰਨਜੀਤ ਭੁੱਲਰ ਦੀ ਪੁਸਤਕ ‘ਪੰਜਾਬ ਐਂਡ ਸੰਨਜ਼’, ਸੁਰਿੰਦਰਪ੍ਰੀਤ ਘਣੀਆਂ ਦੀ ‘ਟੂਮਾਂ’ ਸਰਦਾਰਾ ਸਿੰਘ ਮਾਹਲ ਤੇ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਦੀ ਪੁਸਤਕ ‘ਕਿਸਾਨ ਅੰਦੋਲਨ: ਇਤਿਹਾਸ ਦੇ ਅੰਗ ਸੰਗ’, ਅਰਸ਼ ਵੱਲੋਂ ਅਨੁਵਾਦਿਤ ਪੁਸਤਕ ‘ਕਾਮਰੇਡਾਂ ਨਾਲ ਤੁਰਦਿਆਂ’ ਬਲਬੀਰ ਪਰਵਾਨਾ ਵੱਲੋਂ ਅਨੁਵਾਦਿਤ ਨਾਵਲ ‘ਯੁੱਧ ਦਾ ਗੀਤ’ ਤੇ ‘ਤਾਸਮਨ’ ਮੈਗਜ਼ੀਨ ਦਾ ਨਾਰੀ ਵਿਸ਼ੇਸ਼ ਅੰਕ ਜਾਰੀ ਕੀਤੇ ਗਏ।