ਪੱਤਰ ਪ੍ਰੇਰਕ
ਭੁਲੱਥ, 11 ਮਾਰਚ
ਹਲਕਾ ਭੁਲੱਥ ਤੋਂ ਵਿਧਾਇਕ ਚੁਣੇ ਜਾਣ ਮਗਰੋਂ ਅੱਜ ਆਪਣੇ ਜੱਦੀ ਪਿੰਡ ਰਾਮਗੜ੍ਹ ’ਚ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਸਮਰਥਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਆਪਣੀ ਜਿੱਤ ਲਈ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਦੇ ਵੀ ਕਿਸੇ ਪਾਰਟੀ ਜਾਂ ਪਾਰਟੀ ਦੇ ਚੋਣ ਨਿਸ਼ਾਨ ਕਰਕੇ ਨਹੀਂ ਜਿੱਤੇ, ਸਗੋਂ ਹਲਕੇ ਦੇ ਲੋਕਾਂ ਨੇ ਉਨ੍ਹਾਂ ਦੇ ਕਿਰਦਾਰ ਤੇ ਕੰਮਾਂ ਕਰਕੇ ਉਨ੍ਹਾਂ ਨੂੰ ਜਿਤਾਇਆ ਹੈ। ਉਨ੍ਹਾਂ ਕਿਹਾ ਕਿ 2007 ’ਚ ਉਨ੍ਹਾਂ ਕਾਂਗਰਸ, 2017 ’ਚ ‘ਆਪ’ ਅਤੇ 2022 ’ਚ ਮੁੜ ਕਾਂਗਰਸ ਵੱਲੋਂ ਜਿੱਤ ਹਾਸਲ ਕੀਤੀ ਹੈ ਤੇ ਬੀਤੀਆਂ ਚੋਣਾਂ ਦੌਰਾਨ ਸਿਆਸੀ ਹਵਾ ਹਮੇਸ਼ਾ ਉਨ੍ਹਾਂ ਤੋਂ ਵਿਰੋਧੀ ਪਾਰਟੀਆਂ ਦੀ ਹੀ ਰਹੀ ਹੈ। ਪੰਜਾਬ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਦਿੱਤੇ ਫ਼ੈਸਲੇ ਦਾ ਸਵਾਗਤ ਕਰਦਿਆਂ ਉਨ੍ਹਾਂ ਕਾਂਗਰਸੀ ਕਾਡਰਾਂ ਨੂੰ ਦਿਲ ਨਾ ਛੱਡਣ ਦੀ ਅਪੀਲ ਕੀਤੀ। ਉਨ੍ਹਾਂ ਆਪਣੀ ਮਿਸਾਲ ਦਿੰਦਿਆਂ ਕਿਹਾ ਕਿ ਉਹ ਆਪਣੀ ਪਹਿਲੀ ਵਿਧਾਨ ਸਭਾ (1997) ਵਾਲੀ ਚੋਣ ਅਠਾਈ ਹਜ਼ਾਰ ਵੋਟਾਂ ਤੋਂ ਹਾਰੇ ਸਨ, ਪਰ ਜੇ ਉਹ ਉਦੋਂ ਦਿੱਲ ਛੱਡ ਜਾਂਦੇ ਤਾਂ ਸਿਆਸਤ ਤੋਂ ਬਾਹਰ ਹੋ ਜਾਂਦੇ।