ਕੁਲਦੀਪ ਸਿੰਘ
ਮੰਡੀ ਘੁਬਾਇਆ, 18 ਦਸੰਬਰ
ਜ਼ਿਲ੍ਹਾ ਫਾਜ਼ਿਲਕਾ ਦੇ ਬਲਾਕ ਅਰਨੀਵਾਲਾ ਵਿੱਚ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਹਿਣੀ ਅਤੇ ਕਰਨੀ ਦੇ ਪੂਰੇ ਹਨ। ਸੁਖਬੀਰ ਵੱਲੋਂ ਜੋ ਐਲਾਨ ਕੀਤੇ ਜਾ ਰਹੇ ਹਨ, ਗੱਠਜੋੜ ਸਰਕਾਰ ਬਣਨ ’ਤੇ ਉਹ ਪੂਰੇ ਵੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੋਕ ਸੁਖਬੀਰ ਸਿੰਘ ਬਾਦਲ ਨੂੰ ਹਲਕਾ ਜਲਾਲਾਬਾਦ ਤੋਂ ਜਿਤਾ ਕੇ ਪੰਜਾਬ ਦਾ ਮੁੱਖ ਮੰਤਰੀ ਬਣਾਉਣਗੇ। ਚੰਨੀ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਆਖਿਆ ਕਿ ਕਾਂਗਰਸ ਵੱਲੋਂ ‘ਮਜੀਠੀਆ ਫੜੋ, ਬਾਦਲ ਫੜੋ’ ਦੀ ਘਟੀਆ ਰਾਜਨੀਤੀ ਤਹਿਤ ਪੰਜਾਬ ਦੇ ਡੀਜੀਪੀ ਬਦਲੇ ਜਾ ਰਹੇ ਹਨ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਝੂਠੀਆਂ ਸਹੁੰਆਂ ਖਾ ਕੇ ਸੱਤਾ ਵਿਚ ਆਏ ਤੇ ਹੁਣ ਚੰਨੀ ਵੀ ਉਸੇ ਲੀਹਾਂ ’ਤੇ ਚੱਲ ਰਹੇ ਹਨ। ਲੋਕਾਂ ਨੂੰ ਰੁਜ਼ਗਾਰ ਦੇ ਨਾਂ ’ਤੇ ਲਾਰੇ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਝੂਠੇ ਲਾਰਿਆਂ ’ਚ ਨਹੀਂ ਆਉਣਗੇ। ਲਮਨਜਿੰਦਰ ਸਿੰਘ ਸਿਰਸਾ ਬਾਰੇ ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ ਕਦੇ ਵੀ ‘ਦਲ ਬਦਲੂਆਂ’ ਨੂੰ ਮੂੰਹ ਨਹੀਂ ਲਗਾਉਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਵਿੱਚ ਅਕਾਲੀ ਦਲ-ਬਸਪਾ ਗੱਠਜੋੜ ਦੀ ਸਰਕਾਰ ਬਣੇਗੀ।