ਪੱਤਰ ਪ੍ਰੇਰਕ
ਬਠਿੰਡਾ, 10 ਫਰਵਰੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਬਠਿੰਡਾ ਵਿਚ ਅਕਾਲੀ ਦਲ ’ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਬਾਦਲਾਂ ਸਣੇ ਅਕਾਲੀ ਦਲ ਦੇ ਕਿਸੇ ਵੀ ਉਮੀਦਵਾਰ ਨੂੰ ਲੋਕ ਵੋਟ ਨਾ ਪਾਉਣ ਕਿਉਂਕਿ ਡੇਰਾ ਸਿਰਸਾ ਦੇ ਮੁਖੀ ਨੂੰ ਬਾਦਲਾਂ ਵੱਲੋਂ ਜੇਲ੍ਹ ’ਚੋਂ ਕਢਵਾਇਆ ਗਿਆ ਹੈ ਕਿਉਂਕਿ ਅਕਾਲੀ ਦਲ ਦਾ ਡੇਰੇ ਨਾਲ ਕਾਫੀ ਪੁਰਾਣਾ ਰਿਸ਼ਤਾ ਹੈ। ਸ੍ਰੀ ਸਰਨਾ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਵਿਚ ਕਿਹਾ ਕਿ ਸਾਲ 2014 ’ਚ ਅਰਵਿੰਦ ਕੇਜਰੀਵਾਲ ਭੁੱਲਰ ਦੀ ਰਿਹਾਈ ਬਾਰੇ ਗੱਲ ਕਰਦਾ ਸੀ ਪਰ ਅੱਠ ਸਾਲਾਂ ਬਾਅਦ ਅਰਵਿੰਦ ਕੇਜਰੀਵਾਲ ਦਾ ਰਿਹਾਈ ਦੇ ਮਾਮਲੇ ਤੋਂ ਮੁੱਕਰਨਾ ਸਾਜ਼ਿਸ਼ ਦਾ ਹਿੱਸਾ ਹੈ।
ਉਨ੍ਹਾਂ ਕਿਹਾ ਕਿ ਲੰਘੇ ਦਿਨੀਂ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰਾਂ ਦੀ ਚੋਣ ਸੀ ਤਾਂ ਅਕਾਲੀ ਦਲ ਵਲੋਂ ਪੁਲੀਸ ਨੂੰ ਗੁਰਦੁਆਰੇ ਭੇਜਿਆ ਗਿਆ। ਉਨ੍ਹਾਂ ਜਥੇਦਾਰ ਹਰਪ੍ਰੀਤ ਸਿੰਘ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਹਰੇਕ ਮਸਲੇ ’ਤੇ ਬੋਲਣ ਵਾਲੇ ਜਥੇਦਾਰ ਸਾਹਿਬ ਨੇ ਗੁਰੂ ਦੀ ਬੇਅਦਬੀ ਦੇ ਮਾਮਲੇ ’ਚ ਚੁੱਪ ਵੱਟ ਲਈ ਤੇ ਅਕਾਲੀ ਲੀਡਰਾਂ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਨਹੀਂ ਪੁੱਛਿਆ ਕਿ ਉਨ੍ਹਾਂ ਪੱਤਰ ਲਿਖ ਕੇ ਪੁਲੀਸ ਨੂੰ ਕਿਉਂ ਬੁਲਾਇਆ।