ਪਟਿਆਲਾ (ਖੇਤਰੀ ਪ੍ਰਤੀਨਿਧ): ਨੇੜਲੇ ਪਿੰਡ ਰੱਖੜਾ ਤੋਂ ਧਬਲਾਨ ਨੂੰ ਜਾਂਦੇ ਕੱਚੇ ਰਸਤੇ ਤੋਂ 700 ਦੇ ਕਰੀਬ ਮਰੀਆਂ ਮੁਰਗੀਆਂ ਮਿਲਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਉਂਝ ਪਸ਼ੂ ਪਾਲਣ ਵਿਭਾਗ ਵੱਲੋਂ ਇਸ ਖੇਤਰ ਦੇ ਕਈ ਪੋਲਟਰੀ ਫਾਰਮਾਂ ਦੀਆਂ ਮੁਰਗੀਆਂ ਦੇ ਕਰਵਾਏ ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਮੁਰਗੀਆਂ ਰੱਖੜਾ ਖੇਤਰ ਵਿਚਲੇ ਕਿਸੇ ਪੋਲਟਰੀ ਫਾਰਮ ਨਾਲ ਨਾ ਸਬੰਧਿਤ ਹੋ ਕੇ ਕਿਸੇ ਦੂਰ-ਦੁਰਾਡੇ ਦੇ ਪੋਲਟਰੀ ਫਾਰਮ ਦੀਆਂ ਹਨ। ਮਰਨ ਮਗਰੋਂ ਇਨ੍ਹਾਂ ਨੂੰ ਟਰੱਕ ਆਦਿ ਰਾਹੀਂ ਇਥੇ ਸੁੱਟ ਦਿੱਤਾ ਗਿਆ। ਇਸ ਬਾਰੇ ਪਤਾ ਲੱਗਣ ’ਤੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਜਿੰਦਰ ਗੋਇਲ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਇਲਾਕੇ ਵਿਚਲੇ ਪੋਲਟਰੀ ਫਾਰਮਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੇ ਵੀ ਟੈਸਟ ਲਏ ਗਏ ਹਨ। ਜਾਂਚ ਦੌਰਾਨ ਸਾਰੇ ਹੀ ਵਰਕਰ ਫਲੂ ਦੇ ਲੱਛਣਾਂ ਤੋਂ ਮੁਕਤ ਪਾਏ ਗਏ।