ਦਲੇਰ ਸਿੰਘ ਚੀਮਾ
ਭੁਲੱਥ, 20 ਫਰਵਰੀ
ਇੱਥੋਂ ਨੇੜਲੇ ਪਿੰਡ ਰਾਮਗੜ੍ਹ ਵਿੱਚ ਵੋਟ ਪਾਉਣ ਮਗਰੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਵਿਰੋਧੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਤੇ ਅਕਾਲੀ ਦਲ ’ਤੇ ਸਿਆਸੀ ਹਮਲਾ ਕਰਦਿਆਂ ਰਾਣਾ ਗੁਰਜੀਤ ਸਿੰਘ ਨੂੰ ਹੰਕਾਰੀ ਦੱਸਿਆ। ਉਨ੍ਹਾਂ ਕਾਂਗਰਸ ਪਾਰਟੀ ’ਤੇ ਗਿਲਾ ਕਰਦਿਆਂ ਕਿਹਾ ਕਿ ਇੱਕ ਪਾਸੇ ਕੇਵਲ ਢਿੱਲੋਂ ਤੇ ਅਮਰੀਕ ਸਿੰਘ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ, ਜਦਕਿ ਸੁਲਤਾਪੁਰ ਲੋਧੀ ਤੋਂ ਕਾਂਗਰਸੀ ਉਮੀਦਵਾਰ ਨੂੰ ਹਰਾਉਣ ਵਾਸਤੇ ਆਪਣੇ ਪੁੱਤਰ ਨੂੰ ਆਜ਼ਾਦ ਚੋਣ ਲੜਾਉਣ ਵਾਲੇ ਮੰਤਰੀ ਰਾਣਾ ਗੁਰਜੀਤ ਸਿੰਘ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਖਹਿਰਾ ਨੇ ਅਕਾਲੀ ਦਲ ਬਾਰੇ ਗੱਲ ਕਰਦਿਆਂ ਕਿਹਾ ਕਿ ਅਕਾਲੀ ਦਲ ਸਿਧਾਂਤਹੀਣ ਹੋ ਚੁੱਕਾ ਹੈ ਅਤੇ ਅਸਲੀ ਸਿੱਖ ਸਿਧਾਂਤਾਂ ਤੋਂ ਥਿੜਕ ਚੁੱਕਾ ਹੈ। ਉਨ੍ਹਾਂ ਆਪਣੀ ਜਿੱਤ ਯਕੀਨੀ ਦਸਦਿਆਂ ਕਿਹਾ ਕਿ ਨਾਜਾਇਜ਼ ਜੇਲ੍ਹ ਵਿੱਚ ਡੱਕੇ ਜਾਣ ਕਾਰਨ ਹਲਕਾ ਵਾਸੀਆਂ ਦੀ ਉਨ੍ਹਾਂ ਨਾਲ ਹਮਦਰਦੀ ਹੈ ਅਤੇ ਲੋਕ ਉਨ੍ਹਾਂ ਨੂੰ ਜਿਤਾ ਕੇ ਮੋਦੀ ਸਰਕਾਰ ਦੇ ਮੂੰਹ ’ਤੇ ਚਪੇੜ ਮਾਰਨਗੇ।