ਸਰਬਜੀਤ ਸਿੰਘ ਭੱਟੀ
ਲਾਲੜੂ, 15 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਲਾਲੜੂ ਇਲਾਕੇ ਦੇ ਹੜ੍ਹ ਪੀੜਤ ਪਿੰਡਾਂ ਸਰਸੀਣੀ, ਖਜੂਰ ਮੰਡੀ, ਆਲਮਗੀਰ, ਸਾਧਾਂਪੁਰ, ਡੰਗਡੇਰਾ ਅਤੇ ਟਿਵਾਣਾ ਦਾ ਦੌਰਾ ਕੀਤਾ। ਉਨ੍ਹਾਂ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੜ੍ਹਾਂ ਦੀ ਕੁਦਰਤੀ ਆਫ਼ਤ ਨਾਲ ਸੂਬੇ ਵਿਚ ਕਿਸਾਨਾਂ ਦਾ ਤਿੰਨ ਤੋਂ ਚਾਰ ਹਜ਼ਾਰ ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੂੰ ਦੋ ਸਾਲ ਲਈ ਇਸ਼ਤਿਹਾਰਬਾਜ਼ੀ ਤੇ ਅਰਵਿੰਦ ਕੇਜਰੀਵਾਲ ਦੀਆਂ ਹਵਾਈ ਫੇਰੀਆਂ ਬੰਦ ਕਰ ਕੇ ਸੂਬੇ ਦੇ ਹੜ੍ਹ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲਾਲੜੂ ਇਲਾਕੇ ਵਿੱਚ ਕਰੀਬ ਪੰਜ ਤੋਂ ਛੇ ਹਜ਼ਾਰ ਏਕੜ ਜ਼ਮੀਨ ਬਰਬਾਦ ਹੋ ਗਈ ਹੈ, ਜਿਸ ਨੂੰ ਮੁੜ ਖੇਤੀਬਾੜੀ ਯੋਗ ਬਣਾਉਣ ਲਈ ਦੋ ਤੋਂ ਤਿੰਨ ਲੱਖ ਰੁਪਏ ਪ੍ਰਤੀ ਏਕੜ ਖਰਚ ਕਰਨੇ ਪੈਣਗੇ।
ਉਨ੍ਹਾਂ ਕਿਹਾ ਕਿ ਸਰਕਾਰ ਕੋਲ ਤਜਰਬੇ ਦੀ ਘਾਟ ਹੈ। ਜੇ ਸਮੇਂ ’ਤੇ ਡਰੇਨਾਂ ਦੀ ਸਫਾਈ ਅਤੇ ਬੰਨ੍ਹ ਮਜ਼ਬੂਤ ਕੀਤੇ ਹੁੰਦੇ ਤਾਂ ਇੰਨੇ ਵੱਡੇ ਪੱਧਰ ’ਤੇ ਤਬਾਹੀ ਨਾ ਹੁੰਦੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਮੂੰਗੀ ਦੀ ਫਸਲ ਸਰਕਾਰੀ ਰੇਟ ’ਤੇ ਖਰੀਦਣ ਦਾ ਐਲਾਨ ਕੀਤਾ ਸੀ ਪਰ ਜਦੋਂ ਮੂੰਗੀ ਦੀ ਇਕ ਲੱਖ ਕੁਇੰਟਲ ਫਸਲ ਪੈਦਾ ਹੋ ਗਈ ਤਾਂ ਸਿਰਫ ਦੋ ਹਜ਼ਾਰ ਕੁਇੰਟਲ ਫਸਲ ਹੀ ਖਰੀਦੀ ਗਈ। ਹੁਣ ਵੀ ਉਨ੍ਹਾਂ ਹੜ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਪਰ ਥੋੜ੍ਹੇ ਦਿਨਾਂ ’ਚ ਇਹ ਸਿਰਫ ਅਖਬਾਰੀ ਬਿਆਨ ਬਣ ਕੇ ਰਹਿ ਜਾਣਗੇ।
ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਅਕਾਲੀ ਦਲ ’ਚ ਸ਼ਾਮਲ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਆਂਗਣਵਾੜੀ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਰਗੋਬਿੰਦ ਕੌਰ ਨੇ ਅੱਜ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸੁਖਬੀਰ ਨੇ ਹਰਗੋਬਿੰਦ ਕੌਰ ਨੂੰ ਇਸਤਰੀ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਇਸ ਮੌਕੇ ਹਰਗੋਬਿੰਦ ਕੌਰ ਨੇ ਕਿਹਾ ਕਿ ਉਹ ਪਿਛਲੇ 27 ਸਾਲਾਂ ਤੋਂ ਪੰਜਾਬ ਆਂਗਣਵਾੜੀ ਵਰਕਰ ਯੂਨੀਅਨ ਦੇ ਪ੍ਰਧਾਨ ਅਤੇ 16 ਸਾਲਾਂ ਤੋਂ ਕੌਮੀ ਇਕਾਈ ਦੇ ਮੁਖੀ ਵਜੋਂ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਇਸਤਰੀ ਅਕਾਲੀ ਦਲ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜੋ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ।