ਜੈਤੋ (ਸ਼ਗਨ ਕਟਾਰੀਆ): ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਅਚਾਨਕ ਬਹਬਿਲ ਕਲਾਂ ਧਰਨੇ ’ਚ ਸ਼ਿਰਕਤ ਕੀਤੀ। ਉਹ ਕਰੀਬ ਇੱਕ ਘੰਟਾ ਇੱਥੇ ਰੁਕੇ ਅਤੇ ਧਰਨੇ ’ਤੇ ਬੈਠੇ ਪੀੜਤ ਪਰਿਵਾਰਾਂ ਅਤੇ ਸਿੱਖ ਸ਼ਖ਼ਸੀਅਤਾਂ ਨੂੰ ਮਿਲੇ। ਗੱਲਬਾਤ ਦੇ ਚੱਲੇ ਖੁੱਲ੍ਹੇ ਦੌਰ ’ਚ ਸਿੱਧੂ ਆਪਣੀ ਪਾਰਟੀ ਦੀ ਸਰਕਾਰ ’ਤੇ ਵੀ ਤਿੱਖੀਆਂ ਟਿੱਪਣੀਆਂ ਕਰਨੋਂ ਨਾ ਖੁੰਝੇ। ਹਾਲ ’ਚ ਹੀ ਵਾਪਰੀਆਂ ਬੇਅਦਬੀ ਦੀਆਂ ਦੋ ਘਟਨਾਵਾਂ ਦੇ ਪ੍ਰਸੰਗ ’ਚ ਉਨ੍ਹਾਂ ਸਪੱਸ਼ਟ ਲਹਿਜ਼ੇ ’ਚ ਕਿਹਾ ਕਿ ਸਿਸਟਮ ’ਚੋਂ ਭਰੋਸਾ ਟੁੱਟਣ ਕਾਰਨ ਲੋਕ ਖ਼ੁਦ ਇਨਸਾਫ਼ ਕਰਨ ਲੱਗ ਪਏ ਹਨ। ਉਨ੍ਹਾਂ ਕਿਸੇ ਰਾਜਨੀਤਕ ਖੇਮੇ ਵੱਲ ਅਸਪੱਸ਼ਟ ਇਸ਼ਾਰਾ ਕਰਦਿਆਂ ਆਖਿਆ ਕਿ ਕੁਝ ਲੋਕ ਵੋਟਾਂ ਖ਼ਾਤਰ ਪਵਿੱਤਰ ਦੁੱਧ ’ਚ ਖੱਟਾ ਪਾ ਕੇ ਪੰਜਾਬ ਦੇ ਅਮਨ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸੁਚੇਤ ਪੰਜਾਬੀ ਇਸ ਨੂੰ ਸਫ਼ਲ ਨਹੀਂ ਹੋਣ ਦੇਣਗੇ। ਪ੍ਰਾਪਤ ਜਾਣਕਾਰੀ ਮੁਤਾਬਕ ਨਵਜੋਤ ਸਿੱਧੂ ਨੇ ਧਰਨੇ ’ਤੇ ਬੈਠੀਆਂ ਸ਼ਖ਼ਸੀਅਤਾਂ ਨੂੰ ਕਿਹਾ, ‘ਪੰਜਾਬ, ਪੰਜਾਬੀਅਤ ਤੇ ਅਣਖ਼ ਦਾ ਮਸਲਾ ਹੋਣ ਕਰ ਕੇ ਹੀ ਉਹ ਇੱਥੇ ਸਮਰਥਨ ਲੈ ਕੇ ਆਏ ਹਨ। ਤੁਹਾਡੀ ਨਿਆਂ ਪ੍ਰਾਪਤੀ ਦੀ ਮੰਗ ਨਾਲ ਮੈਂ ਸਹਿਮਤ ਹਾਂ। ਮੈਨੂੰ ਤੁਹਾਡੇ ਨਾਲ ਹਮਦਰਦੀ ਹੈ ਅਤੇ ਮੈਂ ਤੁਹਾਡੇ ਨਾਲ ਹਾਂ। ਮੈਨੂੰ ਕਿਸੇ ਨੇ ਨਹੀਂ ਭੇਜਿਆ ਅਤੇ ਮੈਂ ਮਨ ਦੀ ਆਵਾਜ਼ ਸੁਣ ਕੇ ਖ਼ੁਦ ਆਇਆ ਹਾਂ’। ਸਿੱਧੂ ਨੇ ਯਾਦ ਕੀਤਾ ਕਿ ਜਦੋਂ ਬਹਬਿਲ ਘਟਨਾ ਹੋਈ ਸੀ, ਉਦੋਂ ਰਾਹੁਲ ਗਾਂਧੀ ਇੱਥੇ ਆਏ ਸਨ ਅਤੇ ਉਨ੍ਹਾਂ ਆਖਿਆ ਸੀ ਕਿ ਦੋਸ਼ੀਆਂ ਨੂੰ ਸਜ਼ਾ ਯਕੀਨਨ ਮਿਲਣੀ ਚਾਹੀਦੀ ਹੈ। ਧਰਨਾਕਾਰੀਆਂ ਨੇ ਸੁਖਜਿੰਦਰ ਸਿੰਘ ਰੰਧਾਵਾ ਦੀ ਬਰਗਾੜੀ ਇਨਸਾਫ਼ ਮੋਰਚੇ ਦੀ ਫੇਰੀ ਮੌਕੇ ਦਾ ਵਾਅਦਾ ਨਵਜੋਤ ਸਿੱਧੂ ਨੂੰ ਚੇਤੇ ਕਰਾਉਂਦਿਆਂ ਦੱਸਿਆ ਕਿ ਉਨ੍ਹਾਂ ਨਿਆਂ ਦਾ ਭਰੋਸਾ ਦਿੱਤਾ ਸੀ ਪਰ ਹੁਣ ਤਾਂ ਤਿੰਨ ਮਹੀਨਿਆਂ ਤੋਂ ਰੰਧਾਵਾ ਉੱਪ ਮੁੱਖ ਮੰਤਰੀ ਹਨ ਪਰ ਨਿਆਂ ਨਹੀਂ ਦਿੱਤਾ ਜਾ ਰਿਹਾ। ਨਵਜੋਤ ਸਿੱਧੂ ਦਾ ਉੱਤਰ ਸੀ, ‘ਮੇਰੇ ਕੋਲ ਨਿਰਣਾ ਲੈਣ ਦੀ ਤਾਕਤ ਹੁੰਦੀ ਤਾਂ ਨਿਆਂ ਦੇਣ ’ਚ ਇਕ ਦਿਨ ਨਾ ਪੈਣ ਦਿੰਦਾ’।
ਪੀੜਤ ਪਰਿਵਾਰਾਂ ਨੂੰ ਸਰਕਾਰਾਂ ’ਤੇ ਰੰਜ
ਪੀੜਤ ਪਰਿਵਾਰਾਂ ਦਾ ਗ਼ਿਲਾ ਹੈ ਕਿ ਸਰਕਾਰਾਂ ਬੇਅਦਬੀ ਨਾਲ ਸਬੰਧਤ ਘਟਨਾਵਾਂ ਦੇ ਦੋਸ਼ੀਆਂ ਨੂੰ ਜਾਣਬੁੱਝ ਕੇ ਕਾਬੂ ਨਹੀਂ ਕਰ ਰਹੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਲਈ ਬਣੇ ਕਮਿਸ਼ਨਾਂ ਦੀਆਂ ਰਿਪੋਰਟਾਂ ’ਤੇ ਵੀ ਸਰਕਾਰ ਅਮਲ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਅਦਾਲਤਾਂ ਵਿਚ ਵੀ ਸਰਕਾਰ ਤਰਫ਼ੋਂ ਢੁੱਕਵੀਂ ਪੈਰਵੀ ਦੀ ਅਣਹੋਂਦ ਕਾਰਣ ਦੋਸ਼ੀਆਂ ਨੂੰ ਰਾਹਤ ਮਿਲ ਰਹੀ ਹੈ। ਉਨ੍ਹਾਂ ਕਿਹਾ ਦਰਅਸਲ ਸਰਕਾਰਾਂ ਦੀ ਕਦੇ ਮਨਸ਼ਾ ਹੀ ਨਹੀਂ ਰਹੀ ਕਿ ਇਨ੍ਹਾਂ ਕੇਸਾਂ ਵਿਚ ਨਿਆਂ ਮਿਲੇ, ਇਸੇ ਲਈ ਵੇਲਾ ਲੰਘਾਊ ਕਾਰਵਾਈਆਂ ਅਤੇ ਥੋਥੇ ਦਾਅਵੇ ਕੀਤੇ ਜਾ ਰਹੇ ਹਨ।