ਪ੍ਰਸ਼ੋਤਮ ਬੱਲੀ
ਬਰਨਾਲਾ, 13 ਜੂਨ
ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੇ ਪਿੰਡਾਂ ਵਿੱਚ ਚੋਣ ਰੈਲੀਆਂ ਕੀਤੀਆਂ ਗਈਆਂ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਸੰਗਰੂਰ ਲੋਕ ਸਭਾ ਹਲਕੇ ਦੇ ਲੋਕ ਭਾਜਪਾ ਨੂੰ ਜਿਤਾ ਕੇ ਬਦਲਾਅ ਲਿਆਉਣਗੇ।
ਉਨ੍ਹਾਂ ਕਿਹਾ ਕਿ ਉਹ ਰਾਜਨੀਤੀ ਵਿੱਚ ਵਿਕਾਸ ਦਾ ਏਜੰਡਾ ਲੈ ਕੇ ਆਏ ਹਨ। ਉਨ੍ਹਾਂ ਪਹਿਲਾਂ ਬਰਨਾਲਾ ਹਲਕੇ ਵਿੱਚ ਰਿਕਾਰਡ ਵਿਕਾਸ ਕੰਮ ਕਰਵਾਏ ਹਨ, ਹੁਣ ਉਹ ਸੰਗਰੂਰ ਲੋਕ ਸਭਾ ਹਲਕਾ ਦੇ ਵਾਸੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪੂਰਾ ਜ਼ੋਰ ਲਗਾਉਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਿਛਲੇ 8 ਸਾਲਾਂ ਤੋਂ ਹਲਕੇ ਦੀ ਨੁਮਾਇੰਦਗੀ ਕਰਦੀ ਆ ਰਹੀ ਹੈ ਪਰ ਹਾਲੇ ਤੱਕ ਕੋਈ ਖਾਸ ਪ੍ਰਾਜੈਕਟ ਹਲਕੇ ਲਈ ਨਹੀਂ ਲਿਆ ਸਕੀ। ਸ੍ਰੀ ਢਿੱਲੋਂ ਨੇ ਕਿਹਾ ਕਿ ਭਾਜਪਾ ਦੀ ਜਿੱਤ ’ਚ ਹੀ ਹਲਕਾ ਸੰਗਰੂਰ ਦੇ ਲੋਕਾਂ ਦੀ ਭਲਾਈ ਹੈ।
ਪੰਜਾਬ ਅੰਦਰ ਦਹਿਸ਼ਤ ਦਾ ਮਾਹੌਲ: ਦੁਸ਼ਿਅੰਤ ਗੌਤਮ
ਦਿੜ੍ਹਬਾ ਮੰਡੀ (ਪੱਤਰ ਪ੍ਰੇਰਕ): ਲੋਕ ਸਭਾ ਹਲਕਾ ਸੰਗਰੂਰ ਤੋਂ ਜ਼ਿਮਨੀ ਚੋਣ ਲਈ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਦਿੜ੍ਹਬਾ ਵਿੱਚ ਚੋਣ ਰੈਲੀ ਨੂੰ ਭਾਜਪਾ ਦੇ ਰਾਜ ਸਭਾ ਮੈਂਬਰ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਦੁਸ਼ਿਅੰਤ ਗੌਤਮ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਦਹਿਸ਼ਤ ਦਾ ਮਾਹੌਲ ਹੈ, ਬੇਕਸੂਰਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਹਨ ਤੇ ਪੰਜਾਬ ਦੇ ਲੋਕ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੇ ਮਨ ਬਣਾ ਲਿਆ ਸੀ ਕਿ ਪੰਜਾਬ ਦਾ ਸ਼ੋਸ਼ਣ ਕਾਰਨ ਵਾਲੀਆਂ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਨੂੰ ਨਹੀਂ ਜਿਤਾਉਣਗੇ ਜਿਸ ਦੇ ਬਦਲਾਅ ਲਈ ‘ਆਪ’ ਪਾਰਟੀ ਦੀ ਸਰਕਾਰ ਬਣਾਈ ਪਰ ‘ਆਪ’ ਨੇ ਵੀ ਕੀਤੇ ਵਾਅਦੇ ਪੂਰੇ ਨਾ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਤੇ ਅੱਜ ਲੁੱਟਾਂ ਖੋਹਾਂ ਤੇ ਨਸ਼ਿਆਂ ਕਾਰਨ ਪੰਜਾਬ ਦੇ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ।