ਰਾਜਿੰਦਰ ਵਰਮਾ
ਭਦੌੜ, 8 ਮਾਰਚ
ਵਿਧਾਨ ਸਭਾ ਹਲਕਾ ਭਦੌੜ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਇੱਥੋਂ ਦੇ ਇੱਕ ਪੈਲੇਸ ਵਿੱਚ ਪਾਰਟੀ ਵਰਕਰਾਂ ਦਾ ਧੰਨਵਾਦ ਕਰਨ ਲਈ ਪੁੱਜੇ। ਇਸ ਦੌਰਾਨ ਉਨ੍ਹਾਂ ਸੰਬੋਧਨ ਨਹੀਂ ਕੀਤਾ, ਉਹ ਸਿਰਫ ਵਰਕਰਾਂ ਨਾਲ ਮਿਲਦੇ ਹੀ ਨਜ਼ਰ ਆਏ।
ਵਰਕਰਾਂ ਨੂੰ ਮਿਲਣ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਚੰਨੀ ਨੇ ਵੱਖ-ਵੱਖ ਚੈਨਲਾਂ ਅਤੇ ਏਜੰਸੀਆਂ ਵੱਲੋਂ ਕੀਤੇ ਗਏ ਚੋਣ ਸਰਵੇਖਣਾਂ ਬਾਰੇ ਕਿਹਾ ਕਿ 10 ਤਾਰੀਕ ਨੂੰ ਵੋਟਿੰਗ ਮਸ਼ੀਨਾਂ ਹੀ ਦੱਸਣਗੀਆਂ ਕਿ ਸਰਕਾਰ ਕਿਸ ਦੀ ਬਣੇਗੀ। ਪੰਜਾਬੀ ਅਣਜਾਣ ਵਿਅਕਤੀ ਨੂੰ ਸੂਬੇ ਦੀ ਵਾਗਡੋਰ ਨਹੀਂ ਦੇਣਗੇ। ਚੋਣਾਂ ਦੇ ਨਤੀਜੇ ਕਾਂਗਰਸ ਦੇ ਪੱਖ ਵਿੱਚ ਆਉਣਗੇ ਤੇ ਮੁੜ ਕਾਂਗਰਸ ਦੀ ਹੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੂਬੇ ਵਿੱਚ ਬੀਐੱਸਐੱਫ ਦਾ ਦਾਇਰਾ ਵਧਾਉਣ ਤੋਂ ਬਾਅਦ ਬੀਬੀਐੱਮਬੀ ਦੇ ਨਿਯਮਾਂ ਵਿੱਚ ਤਬਦੀਲੀ ਕਰ ਕੇ ਪੰਜਾਬ ਨੂੰ ਪਿੱਛੇ ਧੱਕਣ ਦਾ ਕੰਮ ਕੀਤਾ ਹੈ, ਜਿਸ ਦੀ ਉਹ ਨਿਖੇਧੀ ਕਰਦੇ ਹਨ। ਜਦੋਂ ਪੱਤਰਕਾਰਾਂ ਨੇ ਚੰਨੀ ਤੋਂ ਪੁੱਛਿਆ ਕਿ ਵੋਟਾਂ ਪੈਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਚੁੱਪ ਕਿਉਂ ਬੈਠੇ ਹਨ ਤਾਂ ਚੰਨੀ ਨੇ ਕਿਹਾ, ‘‘ਹੁਣ ਉਨ੍ਹਾਂ ਨੇ ਰੌਲਾ ਪਾ ਕੇ ਕਿਆ ਲੈਣਾ।’’ ਇਸ ਮੌਕੇ ਸੰਸਦ ਮੈਂਬਰ ਮੁਹੰਮਦ ਸਦੀਕ, ਦਰਬਾਰਾ ਸਿੰਘ ਗੁਰੂ, ਅਜੈ ਕੁਮਾਰ, ਮੁਨੀਸ਼ ਗਰਗ, ਅਮਰਜੀਤ ਸਿੰਘ ਜੀਤਾ, ਵਿਜੈ ਭਦੌੜੀਆ, ਸੁਰਿੰਦਰਪਾਲ ਗਰਗ ਤੇ ਹੋਰ ਹਾਜ਼ਰ ਸਨ।
ਤਪਾ ਮੰਡੀ (ਸੀ. ਮਾਰਕੰਡਾ): ਇਸੇ ਤਰ੍ਹਾਂ ਚਰਨਜੀਤ ਸਿੰਘ ਚੰਨੀ ਨੇ ਅੱਜ ਤਪਾ ’ਚ ਵੀ ਵੋਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ’ਤੇ ਉਹ ਭਦੌੜ ਹਲਕੇ ਦਾ ਵੱਡੇ ਪੱਧਰ ’ਤੇ ਵਿਕਾਸ ਕੀਤਾ ਜਾਵੇਗਾ। ਚੰਨੀ ਨੇ ਕਿਹਾ ਕਿ ਇੱਥੋਂ ਜਿੱਤ ਕੇ ਉਹ ਹਲਕਾ ਛੱਡ ਕੇ ਨਹੀਂ ਜਾਣਗੇ, ਸਗੋਂ ਇੱਥੇ ਰਹਿ ਕੇ ਹੀ ਵਿਕਾਸ ਕਰਵਾਉਣਗੇ।
ਚੰਨੀ ਨੇ ਬੱਕਰੀ ਦੀਆਂ ਧਾਰਾਂ ਕੱਢੀਆਂ
ਭਦੌੜ/ਸ਼ਹਿਣਾ (ਰਾਜਿੰਦਰ ਵਰਮਾ/ਪ੍ਰਮੋਦ ਕੁਮਾਰ ਸਿੰਗਲਾ): ਚਰਨਜੀਤ ਸਿੰਘ ਚੰਨੀ ਅੱਜ ਭਦੌੜ ਵਿੱਚ ਵਰਕਰਾਂ ਨੂੰ ਮਿਲਣ ਤੋਂ ਬਾਅਦ ਜਦੋਂ ਤਪਾ ਮੰਡੀ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਦੀ ਨਜ਼ਰ ਰਾਹ ਵਿੱਚ ਇੱਕ ਰਜਬਾਹੇ ਲਾਗੇ ਬੱਕਰੀਆਂ ਦੇ ਇੱਜੜ ’ਤੇ ਜਾ ਪਈ। ਇਸ ਮਗਰੋਂ ਉਹ ਗੱਡੀ ਰੁਕਵਾ ਕੇ ਇੱਕ ਬੱਕਰੀ ਚੋਣ ਲਈ ਉਸ ਕੋਲ ਜਾ ਪੁੱਜੇ। ਉਨ੍ਹਾਂ ਦੇ ਸਾਥੀ ਨੇ ਗੱਡੀ ’ਚੋਂ ਬੋਤਲ ਲਿਆ ਦਿੱਤੀ ਤਾਂ ਚੰਨੀ ਨੇ ਧਾਰਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਦੁੱਧ ਪੀਤਾ ਵੀ। ਇਸ ਦੌਰਾਨ ਚੰਨੀ ਨੇ ਕਿਹਾ, ‘‘ਮੈਂ ਬੱਕਰੀਆਂ ਦੀਆਂ ਬਥੇਰੀਆਂ ਧਾਰਾਂ ਕੱਢੀਆਂ ਨੇ। ਧਾਰਾਂ ਕੱਢਣ ਵਿੱਚ ਮੈਂ ਪੂਰਾ ਐਕਸਪਰਟ ਬੰਦਾ ਹਾਂ।’’ ਬੱਕਰੀ ਦੇ ਮਾਲਕ ਪਾਲ ਖਾਨ ਨੇ ਦੱਸਿਆ ਕਿ ਚੰਨੀ ਨੇ ਬੱਕਰੀ ਦੀ ਧਾਰ ਕੱਢਣ ਬਦਲੇ ਉਸ ਨੂੰ 4 ਹਜ਼ਾਰ ਰੁਪਏ ਵੀ ਦਿੱਤੇ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਸ ਵੀਡੀਓ ’ਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ।