ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਜਨਵਰੀ
ਜਨਰਲ (ਸੇਵਾਮੁਕਤ) ਜੇ ਜੇ ਸਿੰਘ ਅਤੇ ਕਈ ਸਿਆਸੀ ਆਗੂ ਅੱਜ ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਤੇ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਮੌਜੂਦਗੀ ’ਚ ਭਾਜਪਾ ਵਿੱਚ ਸ਼ਾਮਲ ਹੋ ਗਏ। ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ’ਚ ਅਜਮੇਰ ਸਿੰਘ ਅਤੇ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਬਲਰਾਮ ਯਾਦਵ ਵੀ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਅਜਿਹੇ ਵਿਅਕਤੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਦਿੱਤਾ ਹੈ, ਜੋ ਸੜਕ ਤੋਂ ਲੈ ਕੇ ਸੰਸਦ ਤੱਕ ਨਸ਼ੇ ਵਿੱਚ ਰਹਿੰਦਾ ਹੈ। ਅਜਿਹੇ ਵਿਅਕਤੀ ਪੰਜਾਬ ਨੂੰ ਕਿੱਥੇ ਲੈ ਕੇ ਜਾਣਗੇ ਅਤੇ ਅਜਿਹੇ ਵਿਅਕਤੀ ਦੀ ਸੋਚ ਅਤੇ ਨੀਤੀਆਂ ਪੰਜਾਬ ਲਈ ਕੀ ਹੋਣਗੀਆਂ, ਇਹ ਸੋਚ ਕੇ ਵੀ ਦਿਲ ਡਰਦਾ ਹੈ? ਇੱਕ ਨਸ਼ੇੜੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾ ਕੇ ਕੇਜਰੀਵਾਲ ਨੇ ਪੰਜਾਬ ਪ੍ਰਤੀ ਆਪਣੀ ਸੋਚ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਹੈ।
ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਨਸ਼ਾ ਹੈ, ਜਿਸ ਨੂੰ ਖਤਮ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਇੱਕ ਅਜਿਹੇ ਚਿਹਰੇ ਨੂੰ ਮੁੱਖ ਮੰਤਰੀ ਐਲਾਨ ਦਿੱਤਾ ਹੈ, ਜੋ ਹਮੇਸ਼ਾ ਸ਼ਰਾਬੀ ਰਹਿੰਦਾ ਹੈ। ਪੰਜਾਬ ਦੇ ਲੋਕ ਨਸ਼ਿਆਂ ਤੋਂ ਆਜ਼ਾਦੀ ਚਾਹੁੰਦੇ ਹਨ, ਨਸ਼ੇੜੀ ਲੀਡਰ ਨਹੀਂ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੀ ਰਹੀ ਹੈ ਅਤੇ ਕਰਦੀ ਰਹੇਗੀ।