ਨਵੀਂ ਦਿੱਲੀ, 10 ਮਾਰਚ
ਚਾਰ ਰਾਜਾਂ ਵਿੱਚ ਭਾਜਪਾ ਨੂੰ ਮਿਲੀ ਜਿੱਤ ਲਈ ਵਰਕਰਾਂ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਚੋਣ ਨਤੀਜੇ ਦਰਸਾਉਂਦੇ ਹਨ ਕਿ ਲੋਕਾਂ ਨੇ ਪਾਰਟੀ ਦੇ ਗਰੀਬ-ਪੱਖੀ ਅਤੇ ਸਰਗਰਮ ਸ਼ਾਸਨ ਮਾਡਲ ਨੂੰ ਪਸੰਦ ਕੀਤਾ ਹੈ। ਉਨ੍ਹਾਂ ਭਾਜਪਾ ਹੈੱਡਕੁਆਰਟਰ ’ਤੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਕਿਹਾ, “ਇਹ ਉਤਸ਼ਾਹ ਅਤੇ ਤਿਉਹਾਰਾਂ ਦਾ ਦਿਨ ਹੈ ਅਤੇ ਇਹ ਉਤਸ਼ਾਹ ਭਾਰਤ ਦੇ ਲੋਕਤੰਤਰ ਲਈ ਹੈ।” ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਨੇ ਕਈ ਪ੍ਰਧਾਨ ਮੰਤਰੀ ਦਿੱਤੇ ਹਨ ਪਰ ਪਹਿਲੀ ਵਾਰ ਕਾਰਜਕਾਲ ਪੂਰਾ ਕਰਨ ਬਾਅਦ ਮੁੜ ਮੁੱਖ ਮੰਤਰੀ ਨੂੰ ਮੌਕਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗਰੀਬਾਂ ਨੂੰ ਉਨ੍ਹਾਂ ਦੇ ਅਧਿਕਾਰ ਦਿਵਾਉਣ ਦੇ ਨਾਲ-ਨਾਲ ਬੀਤੇ ਕੁਝ ਸਾਲਾਂ ਵਿੱਚ ਪ੍ਰਸ਼ਾਸਨ ਨੂੰ ਬਿਹਤਰ ਅਤੇ ਪਾਰਦਰਸ਼ੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ, “ਭਾਜਪਾ ਵਰਕਰਾਂ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਹੋਲੀ ਇਸ ਸਾਲ 10 ਮਾਰਚ ਤੋਂ ਸ਼ੁਰੂ ਹੋਵੇਗੀ ਅਤੇ ਉਨ੍ਹਾਂ ਨੇ ਆਪਣਾ ਵਾਅਦਾ ਨਿਭਾਇਆ ਹੈ। ਇਨ੍ਹਾਂ ਵਰਕਰਾਂ ਨੇ 24 ਘੰਟੇ ਕੰਮ ਕੀਤਾ ਅਤੇ ਰਾਜ ਭਰ ਦੇ ਲੋਕਾਂ ਦਾ ਵਿਸ਼ਵਾਸ ਜਿੱਤਣ ਵਿੱਚ ਸਫਲ ਰਹੇ।” ਉਨ੍ਹਾਂ ਕਿਹਾ, “ਮਣੀਪੁਰ, ਉੱਤਰ ਪ੍ਰਦੇਸ਼ ਅਤੇ ਗੋਆ ਵਿੱਚ ਭਾਜਪਾ ਦਾ ਵੋਟ ਸ਼ੇਅਰ ਸੱਤਾ ’ਤੇ ਕਾਬਜ਼ ਰਹਿਣ ਦੇ ਬਾਵਜੂਦ ਵਧਿਆ ਹੈ। ਗੋਆ ਵਿੱਚ ਸਾਰੇ ਐਗਜ਼ਿਟ ਪੋਲ ਗਲਤ ਸਾਬਤ ਹੋਏ ਹਨ ਅਤੇ ਗੋਆ ਦੇ ਲੋਕਾਂ ਨੇ ਸਾਨੂੰ ਲਗਾਤਾਰ ਤੀਜੀ ਵਾਰ ਉਨ੍ਹਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ।” ਉਨ੍ਹਾਂ ਕਿਹਾ ਕਿ ਗੋਆ ‘ਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਅਤੇ 10 ਸਾਲ ਸੱਤਾ ‘ਚ ਰਹਿਣ ਦੇ ਬਾਅਦ ਵੀ ਸੂਬੇ ‘ਚ ਭਾਜਪਾ ਦੀਆਂ ਸੀਟਾਂ ਦੀ ਗਿਣਤੀ ਵਧੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਭਾਜਪਾ ਨੇ ਉੱਤਰਾਖੰਡ ‘ਚ ਵੀ ਨਵਾਂ ਇਤਿਹਾਸ ਰਚਿਆ ਹੈ।-ਏਜੰਸੀ