ਨਿੱਜੀ ਪੱਤਰ ਪ੍ਰੇਰਕ
ਜਲੰਧਰ, 11 ਅਗਸਤ
ਇਲਾਕੇ ਦੇ ਲੋਕਾਂ, ਸਾਬਕਾ ਖਿਡਾਰੀਆਂ ਅਤੇ ਐੱਸਡੀਐੱਮ ਨੇ ਰਾਮਾਮੰਡੀ ਵਿੱਚ ਹਾਕੀ ਖਿਡਾਰੀ ਹਾਰਦਿਕ ਸਿੰਘ ਦਾ ਸੁਆਗਤ ਕੀਤਾ। ਇੱਥੋਂ ਹਾਰਦਿਕ ਸਿੰਘ ਨੂੰ ਫੁੱਲਾਂ ਨਾਲ ਸ਼ਿੰਗਾਰੀ ਖੁੱਲ੍ਹੀ ਜੀਪ ਵਿੱਚ ਲਿਜਾਇਆ ਗਿਆ। ਰਾਮਾ ਮੰਡੀ ਤੋਂ ਜਲੰਧਰ ਛਾਉਣੀ ਦੇ ਬਾਜ਼ਾਰਾਂ ਵਿੱਚੋਂ ਜਦੋਂ ਹਾਰਦਿਕ ਸਿੰਘ ਨੂੰ ਲਿਜਾਇਆ ਗਿਆ ਤਾਂ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ। ਉਸ ਨੂੰ ਦੇਖਣ ਲਈ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਚੜ੍ਹੇ ਹੋਏ ਸਨ। ਛਾਉਣੀ ਇਲਾਕੇ ਦੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਇਹ ਜੇਤੂ ਕਾਫ਼ਲਾ ਉਨ੍ਹਾਂ ਦੇ ਜੱਦੀ ਪਿੰਡ ਖੁਸਰੋਪੁਰ ਦੇ ਨਾਲ ਲੱਗਦੇ ਅਲਾਦੀਨਪੁਰ ਪਿੰਡ ਪਹੁੰਚਿਆ ਜਿੱਥੇ ਹੁਣ ਹਾਰਦਿਕ ਸਿੰਘ ਦੇ ਮਾਪੇ ਰਹਿੰਦੇ ਹਨ। ਇਸ ਮੌਕੇ ਹਾਰਦਿਕ ਸਿੰਘ ਦੇ ਪਿਤਾ ਐੱਸਪੀ ਲਵਲੀ ਵਰਿੰਦਰਪ੍ਰੀਤ ਸਿੰਘ ਤੇ ਮਾਤਾ ਕਮਲਜੀਤ ਕੌਰ, ਭਰਾ ਤੇ ਹੋਰ ਰਿਸ਼ਤੇਦਾਰ ਮੌਜੂਦ ਸਨ।