ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਅਗਸਤ
ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿਚ 37 ਨਵੇ ਕਰੋਨਾ ਕੇਸ ਸਾਹਮਣੇ ਆਏ ਹਨ। 29 ਮਰੀਜ਼ ਤੰਦਰੁਸਤ ਹੋਣ ਮਗਰੋਂ ਘਰ ਭੇਜ ਦਿੱਤੇ ਗਏ ਹਨ। ਜ਼ਿਲ੍ਹੇ ਵਿੱਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 255 ਹੈ। ਕਰੋਨਾ ਦੇ ਮਰੀਜ਼ਾਂ ਦੀ ਲਗਾਤਾਰ ਵਧ ਰਹੀ ਗਿਣਤੀ ਕਾਰਨ ਲੋਕ ਸਹਿਮੇ ਹੋਏ ਹਨ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਮੁਕਤਸਰ ਵਿਚ ਅੱਜ 22 ਕਰੋਨਾ ਪਾਜ਼ੇਟਿਵ ਮਰੀਜ਼ ਆਏ। ਜ਼ਿਲ੍ਹੇ ਵਿੱਚ ਹੁਣ ਕਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 305 ਹੋ ਗਈ ਹੈ। ਸਿਵਲ ਸਰਜਨ ਡਾਕਟਰ ਐੱਚ. ਐੱਨ. ਸਿੰਘ ਨੇ ਦੱਸਿਆ ਕਿ ਹੁਣ ਤੱਕ 233 ਮਰੀਜ਼ ਤੰਦਰੁਸਤ ਹੋਏ ਹਨ ਤੇ 70 ਮਰੀਜ਼ ਇਲਾਜ ਅਧੀਨ ਹਨ। ਮਲੋਟ (ਲਖਵਿੰਦਰ ਸਿੰਘ): ਮਲੋਟ ਸ਼ਹਿਰ ਨਾਲ ਸਬੰਧਤ ਵੱਖ-ਵੱਖ ਥਾਵਾਂ ਤੋਂ 11 ਹੋਰ ਕਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਜਦਕਿ ਇਕ ਕੇਸ ਨੇੜਲੇ ਪਿੰਡ ਬੁਰਜ ਸਿੱਧਵਾਂ ਨਾਲ ਸਬੰਧਤ ਹੈ।
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਫ਼ਿਰੋਜ਼ਪੁਰ ’ਚ ਅੱਜ ਕਰੋਨਾ ਦੇ 18 ਨਵੇਂ ਕੇਸ ਆਉਣ ਮਗਰੋਂ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 345 ਹੋ ਗਈ ਹੈ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਜਨਤਾ ਨੂੰ ਇੱਕ ਹਫ਼ਤੇ ਵਾਸਤੇ ਆਪਣੇ ਕਾਰੋਬਾਰ ਬੰਦ ਕਰ ਕੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਹੈ।
ਫ਼ਰੀਦਕੋਟ (ਜਸਵੰਤ ਜੱਸ): ਫ਼ਰੀਦਕੋਟ ਜ਼ਿਲ੍ਹੇ ਵਿਚ 18 ਹੋਰ ਕਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਕਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 380 ਹੋ ਗਈ ਹੈ। ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਪਾਜ਼ੇਟਿਵ ਵਿਅਕਤੀਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਇਕਾਂਤਵਾਸ ਵਾਰਡ ਵਿੱਚ ਭਰਤੀ ਕੀਤਾ ਗਿਆ ਹੈ।
ਬਰਨਾਲਾ (ਰਵਿੰਦਰ ਰਵੀ): ਬਰਨਾਲਾ ਜ਼ਿਲ੍ਹੇ ਵਿਚ ਅੱਜ ਕਰੋਨਾ ਦੇ 11 ਨਵੇਂ ਮਰੀਜ਼ ਆਉਣ ਨਾਲ ਕਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 295 ਹੋ ਗਈ ਹੈ। 382 ਮਰੀਜ਼ਾਂ ਦੇ ਲਏ ਨਮੂਨਿਆਂ ਦੀ ਜਾਂਚ ਰਿਪੋਰਟ ਆਉਣੀ ਬਾਕੀ ਹੈ।
ਫ਼ਾਜ਼ਿਲਕਾ (ਪਰਮਜੀਤ ਸਿੰਘ): ਅੱਜ ਫ਼ਾਜ਼ਿਲਕਾ ਜ਼ਿਲ੍ਹੇ ‘ਚ ਕਰੋਨਾ ਦੇ 7 ਨਵੇ ਮਰੀਜ਼ ਸਾਹਮਣੇ ਆਏ ਹਨ। ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ 2 ਮਰੀਜ਼ ਅਬੋਹਰ ਅਤੇ 5 ਜਲਾਲਾਬਾਦ ਸ਼ਹਿਰ ਨਾਲ ਸਬੰਧਤ ਹਨ।
ਨਥਾਣਾ (ਭਗਵਾਨ ਦਾਸ ਗਰਗ): ਅੱਜ ਇੱਥੇ ਦੋ ਪੁਲੀਸ ਮੁਲਾਜ਼ਮਾਂ ਰਘੁਵੀਰ ਸਿੰਘ (51) ਅਤੇ ਰਣਦੀਪ ਸਿੰਘ (30) ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ।
ਬਲਜੀਤ ਸਿੰਘ (ਸਰਦੂਲਗੜ੍ਹ): ਸਬ-ਡਿਵੀਜ਼ਨ ਸਰਦੂਲਗੜ੍ਹ ’ਚ ਦੋ ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਸਿਵਲ ਹਸਪਤਾਲ ਸਰਦੂਲਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੋਹਣ ਲਾਲ ਅਰੋੜਾ ਨੇ ਦੱਸਿਆ ਕਿ ਦੋਵਾਂ ਵਿਅਕਤੀਆਂ ਨੂੰ ਇਕਾਂਤਵਾਸ ਸੈਂਟਰ ਮਾਨਸਾ ਵਿਚ ਭੇਜ ਦਿੱਤਾ ਗਿਆ ਹੈ।
ਸਿਰਸਾ (ਪ੍ਰਭੂ ਦਿਆਲ): ਜ਼ਿਲ੍ਹਾ ਸਿਰਸਾ ਵਿਚ ਹੁਣ ਤਕ ਸਭ ਤੋਂ ਵੱਧ 42 ਨਵੇਂ ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਸੱਜਰੇ ਕੇਸਾਂ ਵਿਚ ਅੱਠ ਬੱਚੇ ਵੀ ਸ਼ਾਮਲ ਹਨ। ਜ਼ਿਲ੍ਹੇ ਵਿਚ ਹੁਣ ਕਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 547 ’ਤੇ ਪੁੱਜ ਗਿਆ ਹੈ। ਸਿਵਲ ਸਰਜਨ ਡਾ. ਸੁਰਿੰਦਰ ਨੈਨ ਨੇ ਇਹ ਜਾਣਕਾਰੀ ਦਿੱਤੀ।
ਏਲਨਾਬਾਦ (ਜਗਤਾਰ ਸਮਾਲਸਰ): ਏਲਨਾਬਾਦ ਵਿਚ ਅੱਜ 15 ਕਰੋਨਾ ਪੀੜਤ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚ ਇਕ ਹੀ ਪਰਿਵਾਰ ਦੇ 12 ਜਣੇ ਤੇ ਇਕ ਹੋਰ ਪਰਿਵਾਰ ਦੇ 3 ਜਣੇ ਪਾਜ਼ੇਟਿਵ ਆਏ ਹਨ। ਇਸ ਮਗਰੋਂ ਐੱਸਐੱਮਓ ਹਰਪ੍ਰੀਤ ਕੌਰ ਸਿਹਤ ਵਿਭਾਗ ਦੀ ਟੀਮ ਨਾਲ ਵਾਰਡ ਨੰਬਰ 16 ਅਤੇ 9 ਵਿੱਚ ਪੁੱਜੇ ਤੇ ਇਨ੍ਹਾਂ ਖੇਤਰਾਂ ਨੂੰ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ।
ਲੰਬੀ (ਇਕਬਾਲ ਸਿੰਘ ਸ਼ਾਂਤ): ਲੰਬੀ ਥਾਣੇ ਦੀ ਮਹਿਲਾ ਐਡੀਸ਼ਨਲ ਐੱਸਐੱਚਓ ਗੁਰਵਿੰਦਰ ਕੌਰ ਕਰੋਨਾ ਪਾਜ਼ੇਟਿਵ ਆਏ ਹਨ। ਉਹ ਇਨ੍ਹੀਂ ਦਿਨੀਂ ਚੌਕੀ ਕਿੱਲਿਆਂਵਾਲੀ ਦੇ ਕਾਰਜਕਾਰੀ ਮੁਖੀ ਵਜੋਂ ਵੀ ਸੇਵਾ ਨਿਭਾ ਰਹੇ ਹਨ।
ਵਿਦੇਸ਼ ਤੋਂ ਪਰਤਿਆ ਕਰੋਨਾ ਪਾਜ਼ੇਟਿਵ ਮਰੀਜ਼ ਗਾਇਬ
ਮੋਗਾ (ਨਿੱਜੀ ਪੱਤਰ ਪ੍ਰੇਰਕ): ਵਿਦੇਸ਼ ਤੋਂ ਪਰਤੇ ਧਰਮਕੋਟ ਨੇੜਲੇ ਪਿੰਡ ਦੇ ਕਰੋਨਾ ਪਾਜ਼ੇਟਿਵ ਵਿਅਕਤੀ ਦੇ ਗਾਇਬ ਹੋਣ ਨਾਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਥਾਣਾ ਧਰਮਕੋਟ ਪੁਲੀਸ ਨੇ ਇਕਾਂਤਵਾਸ ਕੇਂਦਰ ਇੰਚਾਰਜ ਦੀ ਸ਼ਿਕਾਇਤ ਉੱਤੇ ਫ਼ੌਜਦਾਰੀ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏਐੱਸਆਈ ਮਲਕੀਤ ਸਿੰਘ ਨੇ ਕਿਹਾ ਕਿ ਡਾਕਟਰ ਰਾਕੇਸ਼ ਅਰੋੜਾ ਆਰਸੀਆਈ ਜਨੇਰ ਦੀ ਸ਼ਿਕਾਇਤ ਉੱਤੇ ਟਹਿਲ ਸਿੰਘ ਨਾਂ ਦੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸਬੰਧਤ ਵਿਅਕਤੀ ਮਲੇਸ਼ੀਆ ਤੋਂ ਦਿੱਲੀ ਹਵਾਈ ਅੱਡੇ ’ਤੇ ਉਤਰਿਆ ਸੀ। ਊਸ ਨੇ ਆਈਆਰਸੀ ਜਨੇਰ ਵਿਚ ਰਿਪੋਰਟ ਨਹੀਂ ਕੀਤੀ ਅਤੇ ਸਿਵਲ ਹਸਪਤਾਲ ਮੋਗਾ ਵਿਚ ਉਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਕਰੋਨਾ ਪੀੜਤ ਰੂਪੋਸ਼
ਭੁੱਚੋ ਮੰਡੀ (ਪਵਨ ਗੋਇਲ): ਭੁੱਚੋ ਸ਼ਹਿਰ ਵਿਚ ਮੋਟਰਸਾਈਕਲ ਮਕੈਨਿਕ ਕੋਲ ਕੰਮ ਕਰਦਾ 25 ਸਾਲਾ ਨੌਜਵਾਨ ਕਰੋਨਾ ਪਾਜ਼ੇਟਿਵ ਆਉਣ ਬਾਰੇ ਪਤਾ ਲੱਗਦਿਆਂ ਹੀ ਰੂਪੋਸ਼ ਹੋ ਗਿਆ। ਇਹ ਲੜਕਾ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਦਾ ਵਸਨੀਕ ਹੈ। ਪਿੰਡ ਦੇ ਪੰਚਾਇਤ ਮੈਂਬਰ ਅਤੇ ਸਿਹਤ ਵਰਕਰਾਂ ਵੱਲੋਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਹੱਥ ਨਾ ਲੱਗਿਆ।
ਕਰੋਨਾ ਨਿਯਮਾਂ ਦੀ ਉਲੰਘਣਾ ਦੀ ਆੜ ਹੇਠ ਸਿਆਸੀ ਕਿੜ ਕੱਢਣ ਦੇ ਦੋਸ਼
ਮਲੋਟ (ਨਿੱਜੀ ਪੱਤਰ ਪ੍ਰੇਰਕ): ਵਾਰਡ ਨੰ. 26 ਦੇ ਅਕਾਲੀ ਕੌਂਸਲਰ ਰਜਿੰਦਰ ਘੱਗਾ ਨੇ ਕਰੋਨਾ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਸਿਟੀ ਪੁਲੀਸ ਵੱਲੋਂ ਉਸ ਖ਼ਿਲਾਫ਼ ਅਪਰੈਲ ਅਤੇ ਅਗਸਤ ਮਹੀਨਿਆਂ ’ਚ ਦਰਜ ਕੀਤੇ ਦੋ ਕੇਸਾਂ ਸਬੰਧੀ ਕਿਹਾ ਕਿ ਉਸ ‘ਤੇ ਦਰਜ ਕੀਤੇ ਗਏ ਪੁਲੀਸ ਕੇਸਾਂ ਪਿੱਛੇ ਸਿਆਸੀ ਰਜਿੰਸ਼ ਹੈ। ਉਸ ਨੇ ਕਿਹਾ ਕਿ ਕਾਂਗਰਸੀ ਆਗੂ ਵੱਲੋਂ ਰੰਜਿਸ਼ ਕਾਰਨ ਉਸ ’ਤੇ ਕੇਸ ਦਰਜ ਕਰਵਾ ਕੇ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਕਿਹਾ ਕਿ ਜੇ ਮੁੜ ਅਜਿਹਾ ਹੁੰਦਾ ਹੈ ਤਾਂ ਉਹ ਪਾਰਟੀ ਪੱਧਰ ‘ਤੇ ਗੱਲ ਕਰਨਗੇ। ਉਧਰ, ਥਾਣਾ ਸਿਟੀ ਦੇ ਇੰਚਾਰਜ ਕਰਨਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ। ਉਹ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦੇ ਹਨ।