ਖੇਤਰੀ ਪ੍ਰਤੀਨਿਧ
ਬਰਨਾਲਾ, 11 ਸਤੰਬਰ
ਇੱਥੇ ਆਜ਼ਾਦ ਨਗਰ ਦੀ ਸੰਘਣੀ ਵਸੋਂ ਵਾਲੇ ਖੇਤਰ ਮੋਬਾਈਲ ਟਾਵਰ ਲਾਉਣ ਖ਼ਿਲਾਫ਼ ਸਥਾਨਕ ਵਾਸੀਆਂ ਵੱਲੋਂ ਇਨਕਲਾਬੀ ਕੇਂਦਰ ਪੰਜਾਬ ਦੀ ਅਗਵਾਈ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਡਾ. ਰਜਿੰਦਰ ਪਾਲ, ਸਕੱਤਰ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਕੁੱਝ ਅਸਰ-ਰਸੂਖ਼ ਵਾਲੇ ਬੰਦੇ ਆਪਣੇ ਮੁਨਾਫ਼ੇ ਖਾਤਰ ਰਿਹਾਇਸ਼ੀ ਖੇਤਰ ’ਚ ਮੋਬਾਈਲ ਟਾਵਰ ਲਗਾ ਰਹੇ ਹਨ। ਅਜਿਹੇ ਟਾਵਰ ਲਾਉਣ ਵਾਸਤੇ ਮਿਉਂਸਿਪਲ ਅਧਿਕਾਰੀਆਂ ਕੋਲੋਂ ਅਗਾਊਂ ਮਨਜ਼ੂਰੀ ਲੈਣ ਅਤੇ ਆਲੇ-ਦੁਆਲੇ ਦੇ ਬਸ਼ਿੰਦਿਆਂ ਕੋਲੋਂ ਸਹਿਮਤੀ ਦੀ ਲੋੜ ਹੁੰਦੀ ਹੈ। ਪਰ ਇਸ ਮਾਮਲੇ ਵਿੱਚ ਸਥਾਨਕ ਵਾਸੀਆਂ ਦੀ ਸਹਿਮਤੀ ਬਾਰੇ ਕੋਈ ਪੁਸ਼ਟੀ ਨਹੀਂ ਕਰਵਾਈ ਗਈ ਹੈ। ਆਜ਼ਾਦ ਨਗਰ ਵਾਸੀਆਂ ਗੁਲਵੰਤ ਸਿੰਘ, ਬਲਦੇਵ ਮੰਡੇਰ, ਸੁਖਦੇਵ ਸਿੰਘ ਤੇ ਖੁਸ਼ਮੰਦਰਪਾਲ ਨੇ ਦੱਸਿਆ ਕਿ ਕੱਲ੍ਹ ਜਦੋਂ ਮੋਬਾਈਲ ਟਾਵਰ ਲੱਗਣ ਦਾ ਪਤਾ ਲੱਗਾ ਤਾਂ ਵਫ਼ਦ ਨੇ ਡੀਸੀ ਬਰਨਾਲਾ ਨੂੰ ਮਿਲ ਕੇ ਇਹ ਟਾਵਰ ਨਾ ਲਾਉਣ ਦੀ ਮੰਗ ਕੀਤੀ ਸੀ ਪਰ ਅੱਜ ਟਾਵਰ ਲਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਮੋਬਾਈਲ ਟਾਵਰ ਲਾਉਣ ਵਾਲੀ ਕੰਪਨੀ ਨੇ ਕੰਮ ਬੰਦ ਕਰ ਦਿੱਤਾ ਹੈ। ਇਸ ਸਬੰਧੀ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਕਿਹਾ ਕਿ ਸਟਾਫ ਨੂੰ ਟਾਵਰ ਲਗਾਏ ਜਾਣ ਬਾਰੇ ਮਨਜ਼ੂਰੀ ਦਾ ਪਤਾ ਲਗਾ ਕੇ ਸੂਚਿਤ ਕਰਨ ਲਈ ਕਿਹਾ ਗਿਆ ਹੈ। ਰਿਪੋਰਟ ਮਿਲਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।