ਪੱਤਰ ਪ੍ਰੇਰਕ
ਚੰਡੀਗੜ੍ਹ, 16 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਮੋਗਾ ਰੈਲੀ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੁਲਾਜ਼ਮਾਂ ਲਈ ਆਪਣੀ ਸਰਕਾਰ ਆਉਣ ’ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਬਿਆਨ ਤੋਂ ਪੈਨਸ਼ਨਰਜ਼ ਡੇਅ ਮੌਕੇ ਪੈਨਸ਼ਨਰ ਭੜਕ ਉੱਠੇ ਅਤੇ ਇਸ ਬਿਆਨ ਨੂੰ ਵੋਟਾਂ ਬਟੋਰਨ ਲਈ ਮਹਿਜ਼ ਇੱਕ ਚੋਣ ਸਟੰਟ ਗਰਦਾਨਿਆ।
ਉਕਤ ਬਿਆਨ ਸਬੰਧੀ ਤਿੱਖਾ ਪ੍ਰਤੀਕਰਮ ਜ਼ਾਹਰ ਕਰਦਿਆਂ ਮੁਲਾਜ਼ਮ ਆਗੂ ਗੁਰਮੇਲ ਸਿੰਘ ਸਿੱਧੂ, ਪੈਨਸ਼ਨਰਜ਼ ਕਨਫੈੱਡਰੇਸ਼ਨ ਦੇ ਪ੍ਰਧਾਨ ਕਰਮ ਸਿੰਘ ਧਨੋਆ ਸਮੇਤ ਜਗਦੀਸ਼ ਸਿੰਘ ਸਰਾਓ, ਹਰਪਾਲ ਸਿੰਘ ਖਾਲਸਾ, ਰਣਜੀਤ ਸਿੰਘ ਹੰਸ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਤਾਂ 2004 ਤੋਂ ਬੰਦ ਹੋਈ ਪਈ ਹੈ, ਜੋ ਕੇਂਦਰ ਸਰਕਾਰ ਵੱਲੋਂ ਬੰਦ ਕੀਤੀ ਗਈ ਸੀ ਤੇ 2007 ਤੋਂ 2017 ਤੱਕ ਪੰਜਾਬ ’ਤੇ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸੀ। ਉਸ ਗੱਠਜੋੜ ਦੀ ਸਰਕਾਰ ਵੇਲੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਤੇ ਉੱਪ-ਮੁੱਖ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਨਹੀਂ ਕਰ ਸਕੇ, ਪਰ ਹੁਣ ਚੋਣਾਂ ਨੇੜੇ ਆਉਂਦੀਆਂ ਦੇਖ ਅਕਾਲੀ ਦਲ ਨੇ ਮੁੜ ਤੋਂ ਮੁਲਾਜ਼ਮਾਂ ਨਾਲ ਝੂਠੇ ਵਾਅਦੇ ਕਰਨੇ ਆਰੰਭ ਦਿੱਤੇ ਹਨ।
ਆਗੂਆਂ ਨੇ ਕਿਹਾ ਕਿ ਜਨਵਰੀ-2015 ਵਿੱਚ ਪਰਖਕਾਲ ਸਮੇਂ ਦੌਰਾਨ ਸਿਰਫ਼ ਮੁੱਢਲੀ ਤਨਖਾਹ ਲਾਗੂ ਕਰਨਾ, ਕੱਚਾ ਠੇਕੇ ਵਾਲਾ ਆਊਟਸੋਰਸ ਕਰਮਚਾਰੀ ਪੱਕਾ ਨਾ ਕਰਨਾ, ਸਰਕਾਰੀ ਜਨਤਕ ਅਦਾਰੇ ਬੰਦ ਕਰਨੇ, ਜਨਵਰੀ-2016 ਤੋਂ ਛੇਵਾਂ ਤਨਖਾਹ ਕਮਿਸ਼ਨ ਲਾਗੂ ਨਾ ਕਰਨਾ, ਪੰਜਵੇਂ ਤਨਖਾਹ ਕਮਿਸ਼ਨ ਦੇ ਨਵੇਂ ਪਾੜੇ ਪਾਉਣਾ ਲਈ ਅਕਾਲੀ-ਭਾਜਪਾ ਸਰਕਾਰ ਹੀ ਜ਼ਿੰਮੇਵਾਰ ਰਹੀ ਹੈ।