ਕੁਲਦੀਪ ਸਿੰਘ
ਚੰਡੀਗੜ੍ਹ, 9 ਜੁਲਾਈ
ਪੰਜਾਬ ਡਰਾਫਟਸਮੈਨ ਐਸੋਸੀਏਸ਼ਨ ਦੇ ਸੱਦੇ ’ਤੇ ਪੰਜਾਬ ਦੇ ਸਮੁੱਚੇ ਡਰਾਫਟਸਮੈਨ ਕੇਡਰ ਵੱਲੋਂ ਅੱਜ ਦੋ ਰੋਜ਼ਾ ਕਲਮ ਛੋੜ ਹੜਤਾਲ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦਫ਼ਤਰਾਂ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਰੱਖਿਆ। ਇਸ ਮੌਕੇ ਸੂਬੇ ਦੇ ਸਮੁੱਚੇ ਜ਼ਿਲ੍ਹਿਆਂ ਨਾਲ ਸਬੰਧਤ ਡਰਾਫਟਸਮੈਨ ਕੇਡਰ ਦੇ ਕਰਮਚਾਰੀਆਂ ਵੱਲੋਂ ਰੋਸ ਰੈਲੀਆਂ ਵੀ ਕੀਤੀਆਂ ਗਈਆਂ। ਰਣਜੀਤ ਸਾਗਰ ਡੈਮ ਵਿੱਚ ਐਸੋਸੀਏਸ਼ਨ ਦੇ ਉਪ ਪ੍ਰਧਾਨ ਚਰਨ ਕਮਲ ਸ਼ਰਮਾ, ਸੰਗਰੂਰ ਵਿੱਚ ਸੂਬਾ ਜਥੇਬੰਦਕ ਸਕੱਤਰ ਸੱਤ ਭੂਸ਼ਨ ਗਰਗ ਅਤੇ ਫਰੀਦਕੋਟ ਵਿੱਚ ਪ੍ਰਚਾਰ ਸਕੱਤਰ ਕੇ.ਪੀ. ਸਿੰਘ ਨੇ ਰੈਲੀਆਂ ਨੂੰ ਸੰਬੋਧਨ ਕਰਦਿਆਂ ਡਰਾਫਟਸਮੈਨ ਕੇਡਰ ਦੀਆਂ ਮੰਗਾਂ ਦੇ ਹੱਕ ਵਿੱਚ ਆਵਾਜ਼ ਉਠਾਈ।
ਜਨਰਲ ਸਕੱਤਰ ਰਜਿੰਦਰ ਕੁਮਾਰ ਅਤੇ ਚੇਅਰਮੈਨ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਡਰਾਫਟਸਮੈਨ ਕੇਡਰ ਦੇ ਸੋਧੇ ਹੋਏ ਤਨਖਾਹ ਸਕੇਲ ਸਰਕਾਰ ਵੱਲੋਂ ਪਹਿਲੀ ਜਨਵਰੀ 2017 ਤੋਂ ਲਾਗੂ ਕੀਤੇ ਗਏ ਹਨ ਜਦਕਿ ਛੇਵਾਂ ਤਨਖਾਹ ਕਮਿਸ਼ਨ ਪਹਿਲੀ ਜਨਵਰੀ 2016 ਤੋਂ ਲਾਗੂ ਹੋਣਾ ਹੈ। ਇਸ ਲਈ ਉਨ੍ਹਾਂ ਨੂੰ ਨਵੇਂ ਤਨਖਾਹ ਸਕੇਲਾਂ ਵਿੱਚ ਕੋਈ ਲਾਭ ਨਹੀਂ ਮਿਲ ਰਿਹਾ। ਉਨ੍ਹਾਂ ਇਹ ਸਕੇਲ ਪਹਿਲੀ ਜਨਵਰੀ 2016 ਤੋਂ ਲਾਗੂ ਕਰਨ, ਡਰਾਫਟਸਮੈਨ ਦੀ ਜੂਨੀਅਰ ਇੰਜਨੀਅਰ ਨਾਲ ਪਿਛਲੇ ਤਿੰਨ ਤਨਖਾਹ ਕਮਿਸ਼ਨਾਂ ਤੋਂ ਚੱਲੀ ਆ ਰਹੀ ਪੇ-ਪੈਰਿਟੀ ਬਹਾਲ ਕਰਨ, ਹੈੱਡ ਡਰਾਫਟਸਮੈਨ, ਸਰਕਲ ਹੈੱਡ ਡਰਾਫਟਸਮੈਨ ਅਤੇ ਚੀਫ ਡਰਾਫਟਸਮੈਨ ਦਾ ਤਨਖਾਹ ਸਕੇਲ ਪ੍ਰਬੰਧਕੀ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਸੋਧਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੀ ਅਫਸਰ ਕਮੇਟੀ ਨਾਲ ਮੀਟਿੰਗ ਹੋ ਚੁੱਕੀ ਹੈ ਪਰ ਜੇ ਸਰਕਾਰ ਨੇ ਮੀਟਿੰਗ ਵਿੱਚ ਰੱਖੀਆਂ ਮੰਗਾਂ ਸਬੰਧੀ ਹਾਂ-ਪੱਖੀ ਹੁੰਗਾਰਾ ਨਾ ਦਿੱਤਾ ਤਾਂ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।