ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਜੁਲਾਈ
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਪੈਗਾਸਸ ਜਾਸੂਸੀ ਮਾਮਲੇ ਅਤੇ ਆਮਦਨ ਕਰ ਵਿਭਾਗ ਵੱਲੋਂ ਦੈਨਿਕ ਭਾਸਕਰ ਦੇ ਦਫ਼ਤਰਾਂ ਵਿੱਚ ਮਾਰੇ ਗਏ ਛਾਪਿਆਂ ਦੀ ਸਖ਼ਤ ਨਿਖੇਧੀ ਕਰਦਿਆਂ ਜਾਸੂਸੀ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਅੱਜ ਇਥੇ ਪ੍ਰੈੱਸ ਕਲੱਬ ਵਿੱਚ ਹੋਈ ਸੂਬਾ ਵਰਕਿੰਗ ਕਮੇਟੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸੁਪਰੀਮ ਕੋਰਟ ਦੀ ਨਿਗਰਾਨੀ ਵਿਚ ਸਾਂਝੀ ਪਾਰਲੀਮਾਨੀ ਕਮੇਟੀ (ਜੇਪੀਸੀ) ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਜੰਮੂ ਨੇ ਦੱਸਿਆ ਕਿ ਪੈਗਾਸਸ ਜਾਸੂਸੀ ਮੁੱਦੇ ਅਤੇ ਅਖ਼ਬਾਰਾਂ ਤੇ ਮੀਡੀਆ ਨੂੰ ਡਰਾਉਣ ਧਮਕਾਉਣ ਦੇ ਮਾਮਲੇ ਤੇ ਇਸ ਦੀ ਜਾਂਚ ਦੀ ਮੰਗ ਸਬੰਧੀ ਜ਼ਿਲ੍ਹਾ ਪੱਧਰ ’ਤੇ ਪੱਤਰਕਾਰਾਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਜਾਣਗੇ ਅਤੇ ਡਿਪਟੀ ਕਮਿਸ਼ਨਰਾਂ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜੇ ਜਾਣਗੇ।