ਕਰਮਜੀਤ ਸਿੰਘ ਚਿੱਲਾ
ਬਨੂੜ, 3 ਅਕਤੂਬਰ
ਇੱਥੋਂ ਤੇਪਲਾ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਸਥਿਤ ਪਿੰਡ ਖਾਸਪੁਰ ਤੋਂ ਇਤਿਹਾਸਕ ਗੁਰਦੁਆਰਾ ਚੋਈ ਸਾਹਿਬ ਨੂੰ ਜਾਣ ਵਾਲੀ ਸੰਪਰਕ ਸੜਕ ਵਿੱਚ ਪਿਛਲੇ ਦਿਨੀਂ ਮੀਂਹ ਕਾਰਨ ਪਏ ਪਾੜ ਨੂੰ ਕਾਰਨ ਲੋਕ ਪ੍ਰੇਸ਼ਾਨ ਹਨ। ਇਸ ਕਾਰਨ ਜਿੱਥੇ ਇਤਿਹਾਸਕ ਗੁਰਦੁਆਰਾ ਚੋਈ ਸਾਹਿਬ ਵਿੱਚ ਆਉਣ ਲਈ ਦਿੱਕਤਾਂ ਹਨ, ਉੱਥੇ ਪਿੰਡ ਛੜਬੜ੍ਹ, ਖਲੌਰ ਅਤੇ ਖਾਸਪੁਰ ਦੇ ਚੌਪਹੀਆ ਵਾਹਨਾਂ ਦਾ ਇੱਥੋਂ ਲਾਂਘਾ ਬੰਦ ਹੋਣ ਕਾਰਨ ਦੂਜੇ ਪਿੰਡਾਂ ਵਿੱਚੋਂ ਘੁੰਮਣਾ ਪੈ ਰਿਹਾ ਹੈ। ਕਿਸਾਨ ਆਗੂ ਇੰਦਰਜੀਤ ਸਿੰਘ ਈਸਾਪੁਰੀਆ, ਹੈਪੀ ਗੁਰਨਾਖੇੜੀ, ਲਖਵਿੰਦਰ ਸਿੰਘ ਪੰਨੂੰ ਤੇ ਜਗਤਾਰ ਸਿੰਘ ਨੇ ਦੱਸਿਆ ਕਿ ਪਾੜ ਕਾਰਨ ਚਾਰਪਹੀਆ ਵਾਹਨਾਂ ਦਾ ਲੰਘਣਾ ਇੱਥੋਂ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਇੱਥੇ ਬੀਤੇ ਦਿਨੀਂ ਮਰੀਜ਼ ਨੂੰ ਛੱਡਣ ਜਾ ਰਹੀ ਐਂਬੂਲੈਂਸ ਵੀ ਪਾੜ ਵਿੱਚ ਫ਼ਸ ਗਈ ਤੇ ਟਰੈਕਟਰ ਨਾਲ ਕੱਢਣੀ ਪਈ। ਉਨ੍ਹਾਂ ਕਿਹਾ ਕਿ ਮਿੱਟੀ ਪਾ ਕੇ ਦੁਪਹੀਆ ਵਾਹਨਾਂ ਜੋਗਾ ਰਸਤਾ ਤਾਂ ਹੋ ਗਿਆ ਹੈ ਪਰ ਬਾਕੀ ਵਾਹਨ ਨਹੀਂ ਲੰਘ ਰਹੇ। ਉਨ੍ਹਾਂ ਕਿਹਾ ਕਿ ਰਾਹ ਖਰਾਬ ਹੋਣ ਕਾਰਨ ਮੰਡੀਆਂ ਵਿੱਚ ਝੋਨਾ ਲਿਜਾਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਪ੍ਰਸ਼ਾਸ਼ਨ ਕੋਲੋਂ ਸੜਕੀ ਪਾੜ ਵਿੱਚ ਪੱਥਰ ਅਤੇ ਪ੍ਰੀਮਿਕਸ ਪਾਏ ਜਾਣ ਦੀ ਮੰਗ ਕੀਤੀ।