ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਜਨਵਰੀ
‘ਸਿਟੀਜ਼ਨਜ਼ ਫਾਰ ਫਾਰਮਰਜ਼’ ਸੰਸਥਾ ਵੱਲੋਂ ਵੱਖ-ਵੱਖ ਸਾਹਿਤਕ, ਸੱੱਭਿਆਚਾਰਕ ਤੇ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ 10 ਜਨਵਰੀ ਐਤਵਾਰ ਨੂੰ ਸਵੇਰੇ 11 ਵਜੇ ਕਲਾ ਭਵਨ ਸੈਕਟਰ-16, ਚੰਡੀਗੜ੍ਹ ਵਿਚ ਕੌਮੀ ਪੱਧਰ ਦਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸੈਮੀਨਾਰ ਦਾ ਵਿਸ਼ਾ ‘ਹੱਕੀ ਸੰਘਰਸ਼ ਦੀ ਹਮਾਇਤ ਵਿਚ’ ਰੱਖਿਆ ਗਿਆ ਹੈ। ਪੇਂਡੂ ਭਾਰਤ ਦੇ ਆਰਥਿਕ ਮਾਹਿਰ ਪੀ.ਸਾਈਨਾਥ ਅਤੇ ਖਾਧ ਤੇ ਖੇਤੀਬਾੜੀ ਆਰਥਿਕਤਾ ਦੇ ਮਾਹਿਰ ਦਵਿੰਦਰ ਸ਼ਰਮਾ ਮੁੱਖ ਬੁਲਾਰੇ ਹੋਣਗੇ। ਇਸ ਸਮਾਗਮ ਦੀ ਪ੍ਰਧਾਨਗੀ ਚੀਫ ਜਸਟਿਸ ਆਂਧਰਾ ਪ੍ਰਦੇਸ਼ ਹਾਈ ਕੋਰਟ ਐੱਮ.ਐੱਸ. ਲਬਿਰਹਾਨ ਕਰਨਗੇ। ਇਸ ਸੈਮੀਨਾਰ ਦੇ ਮੁੱਖ ਪ੍ਰਬੰਧਕ ਪ੍ਰੋ. ਜਗਮੋਹਨ ਸਿੰਘ, ਪ੍ਰੋ. ਹਰੀਸ਼ ਪੁਰੀ ਅਤੇ ਰਜਿੰਦਰ ਸਿੰਘ ਚੀਮਾ ਹਨ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਆਗੂਆਂ ਨੇ ਬੁੱਧੀਜੀਵੀਆਂ ਅਤੇ ਵਿਦਿਆਰਥੀਆਂ ਨੂੰ ਸ਼ਿਰਕਤ ਕਰਨ ਦੀ ਅਪੀਲ ਕੀਤੀ।