ਅਜੈ ਮਲਹੋਤਰਾ
ਫਤਹਿਗੜ੍ਹ ਸਾਹਿਬ, 19 ਦਸੰਬਰ
ਇਥੋਂ ਦੀ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਸਾਲ 2016-2017 ਦੀਆਂ ਚੰਗੀਆਂ ਸੇਵਾਵਾਂ ਬਦਲੇ ਭਾਰਤ ਸਰਕਾਰ ਵੱਲੋਂ ਦੀਨ ਦਿਆਲ ਉਪਾਧਿਆਏ ਪੰਚਾਇਤ ਸ਼ਕਤੀਕਰਨ ਪੁਰਸਕਾਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਦਿੱਲੀ ਦੀਆਂ ਸੜਕਾਂ ਉਪਰ ਰੋਸ ਮੁਜ਼ਾਹਰੇ ਕਰ ਰਹੇ ਹਨ ਤੇ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਮੰਨ ਰਹੀ। ਇਸ ਦੇ ਰੋਸ ਵਜੋਂ ਉਸ ਸਮੇਂ ਦੇ ਜ਼ਿਲ੍ਹਾ ਪ੍ਰੀਸ਼ਦ ਨੁਮਾਇੰਦੇ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਾਬਕਾ ਚੇਅਰਮੈਨ, ਚੇਅਰਪਰਸਨ (ਬਲਾਕ ਸਮਿਤੀਆਂ) ਰੋਸ ਵਜੋਂ ਭਾਰਤ ਸਰਕਾਰ ਵੱਲੋਂ ਦਿੱਤੇ ਪੁਰਸਕਾਰ ਨੂੰ ਵਾਪਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਰਾਸ਼ੀ ਭਾਰਤ ਸਰਕਾਰ ਵੱਲੋਂ (ਪੰਜਾਹ ਲੱਖ ਰੁਪਏ) ਦਿੱਤੀ ਗਈ ਸੀ, ਉਸ ਨੂੰ ਵੀ ਵਾਪਸ ਕਰਨ ਲਈ ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਨੂੰ ਬੇਨਤੀ ਕੀਤੀ ਗਈ ਹੈ। ਇਸ ਮੌਕੇ ਸਮੂਹ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਤੇ ਸਮਿਤੀਆਂ ਦੇ ਚੇਅਰਮੈਨਾਂ ਨੇ ਪ੍ਰਧਾਨ ਮੰਤਰੀ ਨੂੰ ਪੁਰਸਕਾਰ ਵਾਪਸ ਕਰਨ ਸਬੰਧੀ ਪੱਤਰ ਲਿਖਿਆ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਕਿਸਾਨਾਂ ਦੀ ਇਸ ਅਹਿਮ ਮੰਗਾਂ ਨੂੰ ਮੰਨਿਆ ਜਾਵੇ।
ਇਸ ਮੌਕੇ ਦਵਿੰਦਰ ਸਿੰਘ ਬਹਿਲੋਲਪੁਰ ਸਾਬਕਾ ਚੇਅਰਮੈਨ ਬਲਾਕ ਸਮਿਤੀ ਸਰਹਿੰਦ, ਭੁਪਿੰਦਰ ਸਿੰਘ ਹਾਂਸ, ਅਜੈਬ ਸਿੰਘ ਜਖਵਾਲੀ, ਜੋਗਿੰਦਰ ਸਿੰਘ ਨਰਾਇਣਗੜ੍ਹ, ਕੁਲਵਿੰਦਰ ਕੌਰ, ਰਜਿੰਦਰ ਕੌਰ ਹਿੰਦੂਪੁਰ, ਬਲਤੇਜ ਸਿੰਘ ਮਹਿਮੂਦਪੁਰ, ਪ੍ਰੀਤਮ ਕੌਰ, ਬੀਬੀ ਨੀਲਕਮਲ ਕੌਰ ਬਾਠ, ਜੈ ਸਿੰਘ ਬਾੜਾ ਅਤੇ ਹੋਰ ਪਤਵੰਤੇ ਹਾਜ਼ਰ ਸਨ।