ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਸਤੰਬਰ
ਕੇਂਦਰ ਸਰਕਾਰ ਵੱਲੋਂ ਥੋਪੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਜਿੱਥੇ ਕਈ ਮਹੀਨਿਆਂ ਤੋਂ ਦੇਸ਼ ਭਰ ਦੇ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ ’ਤੇ ਪੱਕੇ ਮੋਰਚੇ ਲਾਏ ਹੋਏ ਹਨ, ਉੱਥੇ ਹੀ ਇਸੇ ਸੰਘਰਸ਼ ਦੀ ਕੜੀ ਵਜੋਂ ਪੰਜਾਬ ’ਚ ਟੌਲ ਪਲਾਜ਼ਿਆਂ, ਮਾਲਜ਼ ਤੇ ਅਨੇਕਾਂ ਹੋਰਨਾ ਥਾਵਾਂ ’ਤੇ ਵੀ ਧਰਨੇ ਮੁਜ਼ਾਹਰੇ ਜਾਰੀ ਹਨ। ਹੁਣ ਕਿਸਾਨ ਸੰਘਰਸ਼ ਦੀ ਗੂੰਜ ਵਿੱਦਿਅਕ ਅਦਾਰਿਆਂ ਵਿੱਚ ਵੀ ਪੈਣ ਲੱਗੀ ਹੈ।
ਰਣਵੀਰ ਸਿੰਘ ਦੇਹਲਾ ਦੀ ਅਗਵਾਈ ਹੇਠਲੇ ‘ਸਟੂਡੈਂਟਸ ਵੈੱਲਫੇਅਰ ਐਸੋਸੀਏਟ ਗਰੁੱਪ (ਸਵੈਗ) ਦੁਆਰਾ ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਵਿੱਚ ‘ਸਟੂਡੈਂਟ ਕਿਸਾਨ ਮਜ਼ਦੂਰ ਸੰਯੁਕਤ ਸੰਮੇਲਨ’ ਕਰਵਾਇਆ ਗਿਆ। ਪ੍ਰਬੰਧਕੀ ਟੀਮ ਵਿੱਚ ਅਜੈ ਟਿਵਾਣਾ, ਗੁਰਬਾਜ਼ ਧਾਲੀਵਾਲ, ਗੁਰਦੀਪ ਭੁੱਲਰ, ਗੈਰੀ ਰੰਧਾਵਾ, ਹੈਰੀ ਪੂਨੀਆ, ਸਿਮਰਜੀਤ ਸਰਾਓ, ਬਿੱਟਾ ਰੁੜਕੀ, ਬੌਬੀ, ਬੰਟੀ, ਸੰਦੀਪ ਸਿੰਘ, ਗੁਰਦੀਪ ਸਿੰਘ, ਪ੍ਰਦੀਪ ਸਿੰਘ, ਉਪਿੰਦਰ ਸਿੰਘ ਵਿੱਕੀ, ਹੈਪੀ ਪਾਪੜਾ ਆਦਿ ਸ਼ਾਮਲ ਸਨ। ਗੁਰੂ਼ ਤੇਗ ਬਹਾਦਰ ਹਾਲ ’ਚ ਜੁੜੇ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ, ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਭਾਰਤ ’ਚ ਪੂੰਜੀਪਤੀਆਂ ਦੀ ਬਿਹਤਰੀ ਲਈ ਕਾਨੂੰਨ ਘੜੇ ਜਾ ਰਹੇ ਹਨ। ਅਜਿਹੇ ਰੁਝਾਨ ਖ਼ਿਲਾਫ਼ ਹੁਣ ਅਵਾਮ ਉੱਠ ਖਲੋਤਾ ਹੈ ਤੇ ਕਿਸਾਨ ਅੰਦੋਲਨ ਇਸ ਦਾ ਪ੍ਰਤੱਖ ਪ੍ਰਮਾਣ ਹੈ। ਕਿਸਾਨ ਮੋਰਚੇ ਦੇ ਨੇਤਾ ਡਾ. ਦਰਸ਼ਨਪਾਲ ਦਾ ਕਹਿਣਾ ਸੀ ਕਿ ਦੇਸ਼ ਵਿਆਪੀ ਕਿਸਾਨ ਅੰਦੋਲਨ ਸਦਕਾ ਤਿੰਨ ਖੇਤੀ ਕਾਨੂੰਨ ਮਰ ਚੁੱਕੇ ਹਨ ਤੇ ਸਿਰਫ਼ ਡੈੱਥ ਸਰਟੀਫਿਕੇਟ ਜਾਰੀ ਹੋਣਾ ਹੀ ਬਾਕੀ ਹੈ। ਕੋਈ ਵੀ ਰਾਜਸੀ ਧਿਰ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨ ਦੀ ਜੁਅਰਤ ਨਹੀਂ ਕਰੇਗੀ।
ਅਰਥ ਸ਼ਾਸ਼ਤਰੀ ਤੇ ਪ੍ਰੋ. ਸੁਖਪਾਲ ਨੇ ਅੰਕੜਿਆਂ ਸਹਿਤ ਦੇਸ਼ ਦੀ ਮਾਲੀ ਹਾਲਤ, ਕੁਦਰਤੀ ਸਾਧਨਾਂ ਅਤੇ ਕਿਰਤ ਦੀ ਵੰਡ ਬਾਰੇ ਦੱਸਿਆ। ਸਾਬਕਾ ਆਈਏਐੱਸ ਹਰਕੇਸ਼ ਸਿੰਘ ਸਿੱਧੂ ਨੇ ਹਕੂਮਤੀ ਮਨਮਾਨੀਆਂ ਨੂੰ ਠੱਲ੍ਹਣ ਲਈ ਲੋਕ ਲਹਿਰ ਦੀ ਲੋੜ ’ਤੇ ਜ਼ੋਰ ਦਿੱਤਾ। ਪੱਤਰਕਾਰ ਬਲਤੇਜ ਪੰਨੂ ਨੇ ਆਪਣੇ ਹੱਕਾਂ ਖਾਤਰ ਇਕਜੁੱਟਤਾ ਦਾ ਸੁਨੇਹਾ ਦਿੱਤਾ। ਗਾਇਕ ਪੰਮੀ ਬਾਈ ਨੇ ਨੌਜਵਾਨਾਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਫਰਜ਼ਾਂ ਬਾਰੇ ਸੁਚੇਤ ਕਰਨ ਲਈ ਬੁੱਧੀਜੀਵੀ ਵਰਗ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਨੇ ਵਿਦਿਆਰਥੀ ਵਰਗ ਦੀ ਲੋਕ ਸੰਘਰਸ਼ਾਂ ’ਚ ਸ਼ਮੂਲੀਅਤ ਬਾਰੇ ਮਿਸਾਲਾਂ ਦੇ ਕੇ, ਨੌਜਵਾਨ ਵਰਗ ਨੂੰ ਕਿਸਾਨ ਸੰਘਰਸ਼ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਇਸ ਮੌਕੇ ਗਾਇਕ ਜੱਸ ਬਾਜਵਾ, ਐਡਵੋਕੇਟ ਕਰਮਜੀਤ ਸੇਖੋ, ਪ੍ਰੋ. ਗੁਰਸੇਵ ਸਿੰਘ ਸ਼ੇਰਗੜ੍ਹ ਨੇ ਵੀ ਸੰਬੋਧਨ ਕੀਤਾ। ਮਾਨਵ ਮੰਚ ਦੀ ਟੀਮ ਨੇ ਨਾਟਕ ‘ਦਿੱਲੀ ਚੱਲੋ’ ਖੇਡਿਆ।