ਸ਼ਗਨ ਕਟਾਰੀਆ
ਬਠਿੰਡਾ, 3 ਅਕਤੂਬਰ
ਨਵੇਂ ਕੇਂਦਰੀ ਕਾਨੂੰਨਾਂ ਖ਼ਿਲਾਫ਼ 31 ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਕਿਸਾਨ ਆਗੂਆਂ ਨੇ ਕੇਂਦਰੀ ਹਕੂਮਤ ਅਤੇ ਦੇਸ਼ ਦੇ ਪੂੰਜੀਪਤੀ ਘਰਾਣਿਆਂ ਦੀ ਰੱਜ ਕੇ ਨਿਖੇਧੀ ਕੀਤੀ। ਇਥੇ ਮੁਲਤਾਨੀਆਂ ਵਾਲੇ ਰੇਲਵੇ ਪੁਲ ਹੇਠ ਰੇਲਵੇ ਪਟੜੀਆਂ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਬਲਦੇਵ ਸੰਦੋਹਾ, ਮਾਨਸਾ ਦੇ ਸੁਰਜੀਤ ਸੰਦੋਹਾ, ਜਮਹੂਰੀ ਕਿਸਾਨ ਸਭਾ ਦੇ ਨਾਇਬ ਸਿੰਘ ਫੂਸ ਮੰਡੀ, ਕੁੱਲ ਹਿੰਦ ਕਿਸਾਨ ਸਭਾ ਦੇ ਬਲਕਰਨ ਬਰਾੜ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਮੇਜਰ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਮਿੱਠੂ ਸਿੰਘ ਘੁੱਦਾ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਗੁਰਦੀਪ ਸਿੰਘ ਰਾਮਪੁਰਾ ਦਾ ਕਹਿਣਾ ਸੀ ਕਿ ਦੇਸ਼ ਦੇ ਵੱਡੇ ਵਪਾਰਕ ਘਰਾਣਿਆਂ ਦੀ ਰਾਜਸੀ ਹਾਕਮਾਂ ਨਾਲ ਗੁੱਝੀ ਯਾਰੀ ਹੁਣ ਬੇਪਰਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨਾਂ ਨੇ ਕਿਸਾਨੀ ਨੂੰ ਦੋਹਰੀ ਮਾਰ ਮਾਰੀ ਹੈ। ਕਿਸਾਨ ਆਗੂਆਂ ਰਾਜਵਿੰਦਰ ਸਿੰਘ ਰਾਮਨਗਰ, ਹਰਜਿੰਦਰ ਸਿੰਘ ਬੱਗੀ, ਜਗਦੇਵ ਸਿੰਘ ਜੋਗੇਵਾਲਾ ਆਦਿ ਦੀ ਅਗਵਾਈ ਵਿਚ ਅੱਜ ਸੰਘਰਸ਼ ਦੇ ਤੀਜੇ ਦਿਨ ਰਾਮਪੁਰਾ ਵਿੱਚ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ, ਭੁੱਚੋ ਖੁਰਦ ਅਤੇ ਸੰਗਤ ਮੰਡੀ ’ਚ ਐਸਾਰ ਕੰਪਨੀ ਦੇ ਪੈਟਰੋਲ ਪੰਪਾਂ, ਬਠਿੰਡਾ ’ਚ ਬੈਸਟ ਪ੍ਰਾਈਸ, ਲਹਿਰਾ ਬੇਗਾ ਅਤੇ ਜੀਦਾ ਦੇ ਟੌਲ ਪਲਾਜ਼ਿਆਂ ਤੋਂ ਇਲਾਵਾ ਬਣਾਂਵਾਲੀ ਥਰਮਲ ਪਲਾਂਟ ਅੱਗੇ ਧਰਨੇ ਜਾਰੀ ਰਹੇ।
ਗੀਤਕਾਰਾਂ ਤੇ ਗਾਇਕਾਂ ਦੇ ਮੰਚ ਤੋਂ ਸਾਂਝੇ ਸੰਘਰਸ਼ ਦੀ ਅਪੀਲ
ਕਿਸਾਨ ਮੰਗਾਂ ਦੇ ਸਮਰਥਨ ’ਚ ਇਥੇ ਰਿਲਾਇੰਸ ਮਾਲ ਅੱਗੇ ਲੱਖਾ ਸਿਧਾਣਾ ਦੀ ਪ੍ਰਧਾਨਗੀ ਵਿੱਚ ਲਾਏ ਗਏ ਧਰਨੇ ਵਿੱਚ ਗੀਤਕਾਰ ਮੰਚ ਬਠਿੰਡਾ ਵੱਲੋਂ ਗੀਤਕਾਰ ਅਲਬੇਲ ਬਰਾੜ, ਭਿੰਦਰ ਡੱਬਵਾਲੀ, ਕਿਰਪਾਲ ਮਾਅਣਾ, ਅਵਿਨਾਸ਼ ਗੋਂਦਾਰਾ, ਜੱਗਾ ਬਰਾੜ ਤੋਂ ਇਲਾਵਾ ਕਲਾਕਾਰ ਲਵਜੀਤ ਅਤੇ ਕਰਮ ਭੱਟੀ ਸ਼ਾਮਿਲ ਹੋਏ। ਅਲਬੇਲ ਬਰਾੜ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਿਸਾਨ ਮਾਰੂ ਕਾਨੂੰਨਾਂ ਸਦਕਾ ਦੇਸ਼ ਦੀ ਸਮੁੱਚੀ ਕਿਸਾਨੀ ਨਿਰਾਸ਼ਾ ਦੇ ਆਲਮ ’ਚ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਵਿਵਾਦਤ ਕਾਨੂੰਨਾਂ ਨੂੰ ਵਾਪਿਸ ਲਿਆ ਜਾਵੇ।