ਕਰਮਜੀਤ ਸਿੰਘ ਚਿੱਲਾ
ਬਨੂੜ, 21 ਦਸੰਬਰ
ਪਿੰਡ ਹੁਲਕਾ ਦੇ ਨੌਜਵਾਨ ਖਜ਼ਾਨ ਸਿੰਘ ਹੁਲਕਾ ਦੀ ਅਗਵਾਈ ਹੇਠ ਪਿੰਡ ਹੁਲਕਾ, ਖਾਨਪੁਰ-ਉੱਚਾ ਖੇੜਾ, ਕਲੌਲੀ, ਨੰਡਿਆਲੀ ਅਤੇ ਬਨੂੜ ਦੇ ਆੜਤੀ ਪੁਨੀਤ ਜੈਨ ਵੱਲੋਂ ਕੀਤੀ ਸੇਵਾ ਤਹਿਤ ਇੱਕ ਲੱਖ ਦੇ ਕਰੀਬ ਰਾਸ਼ੀ ਦੀਆਂ ਕੱਪੜੇ ਧੋਣ ਦੀ ਪੰਜ ਮਸ਼ੀਨਾਂ ਲੈਕੇ ਦਿੱਲੀ ਦੇ ਸਿੰਘੂ ਬਾਰਡਰ ਉੱਤੇ ਡਟੇ ਹੋਏ ਹਨ। ਪਿੰਡ ਦੇ ਨੌਜਵਾਨ ਉੱਥੇ ਧਰਨਾਕਾਰੀ ਕਿਸਾਨਾਂ ਦੇ ਕੱਪੜੇ ਧੋਣ ਅਤੇ ਸੁਕਾਉਣ ਦੀ ਸੇਵਾ ਕਰ ਰਹੇ ਹਨ। ਪਿੰਡ ਨਾਨੋਮਾਜਰਾ ਤੋਂ ਜਥਾ ਅੱਜ ਵੇਸਣ ਦੀ ਛੇ ਕੁਇੰਟਲ ਬਰਫ਼ੀ ਲੈ ਕੇ ਦਿੱਲੀ ਲਈ ਰਵਾਨਾ ਹੋਇਆ। ਪੰਜਾਬ ਪੈਰਾਮੈਡੀਕਲ ਐਸੋਸੀਏਸ਼ਨ ਦੀ ਟੀਮ ਧਰਮਿੰਦਰ ਸਿੰਘ ਅਤੇ ਡਾ ਸੰਦੀਪ ਦੀ ਅਗਵਾਈ ਹੇਠ ਦਿੱਲੀ ਲਈ ਤੁਰੀ। ਇਸ ਟੀਮ ਵੱਲੋਂ ਜਿੱਥੇ ਧਰਨਾਕਾਰੀਆਂ ਨੂੰ ਲੋੜੀਂਦੀਆਂ ਡਾਕਟਰੀ ਸੇਵਾਵਾਂ ਦਿੱਤੀਆਂ ਜਾਣਗੀਆਂ, ਉੱਥੇ ਇੱਕ ਲੱਖ ਤੋਂ ਵੱਧ ਰਾਸ਼ੀ ਦਾ ਫੰਡ ਵੀ ਕਿਸਾਨ ਸੰਘਰਸ਼ ਵਿੱਚ ਦਿੱਤਾ ਜਾਵੇਗਾ।
ਲਾਲੜੂ (ਸਰਬਜੀਤ ਸਿੰਘ ਭੱਟੀ): ਸੀਟੀਯੂ ਪੈਨਸਨਰਜ਼ ਐਸੋਸੀਏਸ਼ਨ ਦੇ ਅਹੁਦੇਦਾਰ ਨੇ ਕਿਸਾਨ ਯੂਨੀਅਨਾਂ ਵੱਲੋਂ ਪਿਛਲੇ 69 ਦਿਨਾ ਤੋਂ ਦੱਪਰ ਟੌਲ ਪਲਾਜ਼ਾ ’ਤੇ ਦਿੱਤੇ ਜਾ ਰਹੇ ਧਰਨੇ ਨੂੰ ਅੱਜ ਸਮਰਥਨ ਦਿੱਤਾ ਅਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਐਸੋਸੀਏਸਨ ਕਿਸਾਨ ਅੰਦੋਲਨ ਦਾ ਪੂਰਾ ਸਮਰਥਨ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ ਦਾ ਕਿਸਾਨ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕੜਾਕੇ ਦੀ ਠੰਢ ਵਿੱਚ ਸੰਘਰਸ਼ ਕਰ ਰਿਹਾ ਹੈ ਪਰੰ ਕੇਂਦਰ ਸਰਕਾਰ ਦੇ ਕੰਨ ’ਤੇ ਜੁੂੰ ਤੱਕ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਵੱਲੋਂ ਉਨ੍ਹਾਂ ਦੀ ਜੋ ਵੀ ਡਿਊਟੀ ਲਾਈ ਜਾਵੇਗੀ ਉਹ ਤਨ-ਮਨ-ਧਨ ਨਾਲ ਨਿਭਾਉਣਗੇ।
ਰੂਪਨਗਰ (ਬਹਾਦਰਜੀਤ ਸਿੰਘ): ਆਲ ਇੰਡੀਆ ਪ੍ਰੋਵੀਡੈਂਟ ਫੰਡ ਸੇਵਾ ਮੁਕਤ ਪੈਨਸ਼ਨਰਜ਼ ਵਰਕਰਜ਼ ਫੈਡਰੇਸ਼ਨ, ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਕੌਮੀ ਪ੍ਰਧਾਨ ਕਰਨੈਲ ਸਿੰਘ ਲਖਮੀਪੁਰ ਦੀ ਪ੍ਰਧਾਨਗੀ ਹੇਠ ਸਥਾਨਕ ਮਹਾਰਾਜਾ ਰਣਜੀਤ ਬਾਗ ਜ਼ਿਲ੍ਹਾ ਵਿਖੇ ਹੋਈ। ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਗਏ ਕਿਸਾਨ ਮੋਰਚੇ ਦੇ ਸੰਘਰਸ਼ ਦੀ ਹਮਾਇਤ ਅਤੇ ਸ਼ਮੂਲੀਅਤ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਹੋਇਆ। ਜਥੇਬੰਦੀ ਦੇ ਕੌਮੀ ਜਨਰਲ ਸਕੱਤਰ ਟਹਿਲ ਸਿੰਘ ਲੁਠੇੜੀ, ਪ੍ਰੈੱਸ ਸਕੱਤਰ ਪੰਜਾਬ ਜੈਮਸ ਮਸੀਹ ਅਤੇ ਮੀਤ ਪ੍ਰਧਾਨ ਪੰਜਾਬ ਹੰਸਰਾਜ ਰੈਲਮਾਜਰਾ ਨੇ ਕਿਹਾ ਕਿ ਸੇਵਾ ਮੁਕਤ ਈਪੀਐੱਫ ਮੁਲਾਜ਼ਮ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਰੱਦ ਕਾਵਾਉਣ ਲਈ ਬਣਾਏ ਕਿਸਾਨ ਮੋਰਚੇ ਦੀ ਪੁਰਜ਼ੋਰ ਹਮਾਇਤ ਕਰਦੇ ਹਨ। ਉਨ੍ਹਾਂ ਅੰਦੋਲਨਕਾਰੀ 22 ਕਿਸਾਨਾਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸ਼ਹੀਦੀ ਜੋੜ ਮੇਲੇ ਤੋਂ ਬਾਅਦ ਜਥੇਬੰਦੀ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਚੰਡੀਗੜ੍ਹ ਜਾ ਕੇ ਧਰਨਾ ਦਿੱਤਾ ਜਾਵੇਗਾ। ਮੀਟਿੰਗ ਨੂੰ ਤਰਲੋਚਨ ਸਿੰਘ ਫੂਲ, ਗੁਰਚਰਨ ਸਿੰਘ ਬਿਲਾਵਲਪੁਰ, ਮੰਗਤ ਸਿੰਘ ਪਥਰੇੜੀ, ਸੰਤ ਸਿੰਘ ਸਮਾਣਾ, ਹਰਜਿੰਦਰ ਸਿੰਘ ਬੰਨਮਾਜਰਾ ਤੇ ਗੁਰਬਖਸ਼ ਸਿੰਘ ਪੇਪਰ ਮਿੱਲ ਨੇ ਸੰਬੋਧਨ ਕੀਤਾ।
ਖਰੜ (ਸ਼ਸ਼ੀਪਾਲ ਜੈਨ): ਸੁਖਮਨੀ ਸੇਵਾ ਸੁਸਾਇਟੀ ਸ਼ਿਵਾਲਿਕ ਸਿਟੀ ਨੇ ਕੁੰਡਲੀ ਬਾਰਡਰ ਕਿਸਾਨ ਮੋਰਚੇ ਵਿਚ ਪਹੁੰਚ ਕੇ ਸੰਗਤ ਲਈ ਅਲਸੀ ਦੀਆਂ ਪਿੰਨੀਆਂ ਦਾ ਲੰਗਰ ਲਾਇਆ। ਸੁਸਾਇਟੀ ਵੱਲੋਂ ਕਿਸਾਨ ਮੋਰਚੇ ਵਿਚ ਜਥੇਬੰਦੀਆਂ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਵੀ ਭੇਟ ਕੀਤੀ ਗਈ। ਕੁੰਡਲੀ ਬਾਰਡਰ ਵਿਚ ਪਹੁੰਚੇ ਸੁਸਾਇਟੀ ਦੇ ਮੈਬਰਾਂ ਮਨਜੀਤ ਕੌਰ ਬਾਜਵਾ, ਮੱਖਣ ਸਿੰਘ, ਗੁਰਿੰਦਰ ਪ੍ਰੀਤ ਮਾਵੀ, ਮਨਜੀਤ ਸਿੰਘ ਬਾਜਵਾ, ਅਰਵਿੰਦਰ ਕੌਰ, ਸੁਖਦੇਵ ਸਿੰਘ ਆਦਿ ਮੈਬਰਾਂ ਨੇ ਵੀ ਆਪਣੀ ਹਾਜਰੀ ਲਗਾਈ ਅਤੇ ਨਾਲ ਹੀ ਕਿਸਾਨ ਜਥੇਬੰਦੀਆਂ ਨੂੰ ਭਰੋਸਾ ਦੁਆਇਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਲੋੜੀਂਦੀਆਂ ਵਸਤਾਂ ਦੀ ਸੇਵਾ ਵੀ ਕੀਤੀ ਜਾਵੇਗੀ।
ਨੂਰਪੁਰ ਬੇਦੀ (ਬਲਵਿੰਦਰ ਰੈਤ): ਪੋਹ ਦੀਆਂ ਹੱਡ ਚੀਰਵੀਆਂ ਰਾਤਾਂ ’ਚ ਦਿੱਲੀ ਦੀ ਸਰਹੱਦ ’ਤੇ ਡਟੇ ਹੋਏ ਯੋਧਿਆਂ ਦੇ ਬੁਲੰਦ ਹੌਸਲਿਆਂ ਕਰਕੇ ਹੀ ਕਿਸਾਨ ਅੰਦੋਲਨ ਦਿਨੋ ਦਿਨ ਹੋਰ ਮਘਦਾ ਜਾ ਰਿਹਾ ਹੈ। ਪਿੰਡ ਬਾੜੀਆਂ ਤੋਂ ਅਮਰੀਕਾ ਵਿੱਚ ਵਸੇ ਕਰਨੈਲ ਸਿੰਘ ਅਤੇ ਪਿੰਡ ਦੇ ਸਮਾਜਸੇਵੀ ਨੌਜਵਾਨਾਂ ਵੱਲੋਂ ਅੱਜ ਦਿੱਲੀ ਧਰਨੇ ਵਿੱਚ ਕੰਬਲ ਵੰਡੇ ਗਏ। ਮਨਦੀਪ ਸਿੰਘ ਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਿੰਘੂ, ਕੁੰਡਲੀ ਤੇ ਟਿਕਰੀ ਬਾਰਡਰ ’ਤੇ ਧਰਨੇ ਵਿੱਚ ਸ਼ਾਮਲ ਕਿਸਾਨਾਂ ਨੂੰ ਠੰਢ ਤੋਂ ਬਚਾਉਣ ਲਈ ਇੱਕ ਹਜ਼ਾਰ ਕੰਬਲ ਵੰਡੇ ਗਏ। ਉਨ੍ਹਾਂ ਦੱਸਿਆ ਕਿ ਕੰਬਲਾਂ ਦੇ ਨਾਲ ਨਾਲ ਲੋਕਾਂ ਦੇ ਖਾਣ ਲਈ ਰੋਜ਼ਾਨਾ ਆਲੂ ਦੇ ਪਰੌਂਠੇ ਅਤੇ ਚਾਹ ਪਕੌੜਿਆਂ ਦਾ ਲੰਗਰ ਵੀ ਲਾਇਆ ਜਾ ਰਿਹਾ ਹੈ। ਜੋ ਸੰਘਰਸ਼ ਜਾਰੀ ਰਹਿਣ ਤੱਕ ਲਗਾਤਾਰ ਜਾਰੀ ਰਹੇਗਾ।
ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ
ਅਮਲੋਹ (ਡਾ. ਰਾਮ ਸਰਨ ਸੂਦ): ਖਨਿਆਣ ਵਾਸੀਆਂ ਨੇ ਪਿੰਡ ਦੇ ਗੁਰਦੁਆਰੇ ਵਿਚ ਦਿੱਲੀ ਅੰਦੋਲਨ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਅਤੇ ਸੰਘਰਸ਼ ਦੀ ਜਿੱਤ ਲਈ ਅਰਦਾਸ ਵੀ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ, ਸੈਕਟਰੀ ਗੁਰਵਿੰਦਰ ਸਿੰਘ, ਸੰਤੋਖ ਸਿੰਘ ਜੰਜੂਆ ਨੇ ਕਿਹਾ ਕਿ ਖੇਤੀ ਕਾਨੁੂੰਨ ਕਿਸਾਨ ਪੱਖੀ ਨਹੀਂ ਹਨ, ਜਿਸ ਕਰਕੇ ਅੱਜ ਕਿਸਾਨ ਕੜਾਕੇ ਦੀ ਠੰਢ ’ਚ ਖੇਤੀ ਕਾਨੁੂੰਨ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ, ਪਰ ਮੋਦੀ ਸਰਕਾਰ ਨੂੰ ਕੋਈ ਪਰਵਾਹ ਨਹੀ ਹੈ।
ਕਰੀਮਪੁਰਾ ਤੋਂ ਸਾਮਾਨ ਦਾ ਭਰਿਆ ਟਰੱਕ ਰਵਾਨਾ
ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ਕੇਂਦਰ ਸਰਕਾਰ ਵੱਲੋਂ ਕਾਲੇ ਕਾਨੂੰਨਾਂ ਨਾਲ ਕਿਸਾਨੀ ਨੂੰ ਖ਼ਤਮ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਪਿਛਲੇ ਕਰੀਬ 3 ਮਹੀਨਿਆਂ ਤੋਂ ਕਿਸਾਨ ਜਥੇਬੰਦੀਆਂ ਲਗਾਤਾਰ ਸੰਘਰਸ਼ ਕਰ ਰਹੀਆਂ ਹਨ ਅਤੇ ਮੌਜੂਦਾ ਸਮੇਂ ਦਿੱਲੀ ਵਿਚ ਕਿਸਾਨੀ ਅੰਦੋਲਨ ਚੱਲ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ ਨੇ ਆਪਣੇ ਪਿੰਡ ਕਰੀਮਪੁਰਾ ਤੋਂ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਕਿਸਾਨੀ ਅੰਦੋਲਨ ਵਿਚ ਬੈਠੇ ਕਿਸਾਨਾਂ ਲਈ ਰਾਹਤ ਸਮੱਗਰੀ ਦਾ ਟਰੱਕ ਰਵਾਨਾ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ।
ਕਿਸਾਨ ਸੰਘਰਸ਼ ਦੌਰਾਨ ਭਾਈਚਾਰਕ ਸਾਂਝ ਹੋਈ ਗੂੜ੍ਹੀ: ਮੁਲਾਜ਼ਮ ਆਗੂ
ਚੰਡੀਗੜ੍ਹ (ਪੱਤਰ ਪ੍ਰੇਰਕ): ਸਿੰਘੂ ਬਾਰਡਰ ਤੋਂ ਪਰਤੇ ਮੁਲਾਜ਼ਮ ਆਗੂ ਗੁਰਮੇਲ ਸਿੰਘ ਸਿੱਧੂ ਨੇ ਅੱਜ ਇੱਥੇ ਸੈਕਟਰ 17 ਵਿਚ ਮੁਲਾਜ਼ਮ ਵਰਗ ਅਤੇ ਹੋਰ ਰਾਹਗੀਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਿੱਲੀ ਦੇ ਬਾਰਡਰਾਂ ’ਤੇ ਸਾਂਝੇ ਕਿਸਾਨ ਮੋਰਚੇ ਨੂੰ ਦੇਸ਼ਾਂ ਵਿਦੇਸ਼ਾਂ ਵੱਲੋਂ ਸਹਿਯੋਗ ਅਤੇ ਸਮਾਜ ਸੇਵੀ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵੱਲੋਂ ਦਿੱਤੀਆਂ ਜਾ ਰਹੀਆਂ ਵਿਲੱਖਣ ਸੇਵਾਵਾਂ ਸਹੂਲਤਾਂ ਨੂੰ ਵੇਖਦਿਆਂ ਅਤੇ ਮਾਣਦਿਆਂ ਅੱਖਾਂ ਵਿੱਚੋਂ ਪਾਣੀ ਆ ਜਾਂਦਾ ਹੈ ਅਤੇ ਹਰ ਵਿਅਕਤੀ ਦਾ ਧਰਨਾਕਾਰੀਆਂ ਲਈ ਕੁਝ ਕਰ ਗੁਜ਼ਰਨ ਨੂੰ ਦਿਲ ਕਰਦਾ ਹੈ। 19 ਦਸੰਬਰ ਨੂੰ ਸੀਪੀਐੱਫ ਯੂਨੀਅਨ ਪੰਜਾਬ ਦਾ ਕਾਫ਼ਲਾ ਸ਼ੰਭੂ ਬੈਰੀਅਰ ਤੋਂ ਦਿੱਲੀ ਗਿਆ ਸੀ, ਜਿਸ ਵਿੱਚ ਗੁਰਮੇਲ ਸਿੰਘ ਸਿੱਧੂ, ਪਰਮਿੰਦਰ ਸਿੰਘ ਢਿੱਲੋਂ, ਸ਼ਿਵ ਕੁਮਾਰ ਰਾਣਾ, ਤਜਿੰਦਰ ਤੋਕੀ, ਅਮਿਤ ਕਟੋਚ ਸ਼ਾਮਲ ਸਨ। ਸ੍ਰੀ ਸਿੱਧੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜਦੋਂ ਕਦੇ ਵੀ ਮੁਲਾਜ਼ਮਾਂ ਨੂੰ ਮਿਲਦੇ ਸਨ ਤਾਂ ਉਹ ਆਪਣੀਆਂ ਮੰਗਾਂ ਬਾਰੇ ਜਾਂ ਖਜ਼ਾਨੇ ਵਿੱਚ ਪਾਸ ਹੋਣ ਵਾਲੇ ਬਿੱਲਾਂ ਬਾਰੇ ਪੁੱਛਦੇ ਸਨ, ਪਰ ਹੁਣ ਸਮੁੱਚੇ ਮੁਲਾਜ਼ਮ ਵਰਗ ਵਿੱਚ ਕਿਸਾਨ ਮੋਰਚੇ ਬਾਰੇ ਹੀ ਗੱਲਬਾਤ ਹੁੰਦੀ ਹੈ।