ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਅਗਸਤ
ਹਵਾਰਾ ਕਮੇਟੀ ਦੇ ਮੈਂਬਰਾਂ ਨੇ 267 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਸਬੰਧੀ ਮੁੱਖ ਜਾਂਚਕਰਤਾ ਐਡਵੋਕੇਟ ਈਸ਼ਰ ਸਿੰਘ ਦੇ ਨਾਂ ਇਕ ਪੱਤਰ ਜਾਰੀ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਕੁਝ ਨੁਕਤਿਆਂ ਨੂੰ ਲੈ ਕੇ ਜਾਂਚ ’ਤੇ ਸਵਾਲੀਆ ਚਿੰਨ੍ਹ ਲਾਇਆ ਹੈ।
ਇਸ ਸਬੰਧੀ ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋ. ਬਲਜਿੰਦਰ ਸਿੰੰਘ ਨੇ ਦੱਸਿਆ ਕਿ ਮੁੱਖ ਜਾਂਚਕਰਤਾ ਨੂੰ ਪੱਤਰ ਭੇਜ ਕੇ ਲਗਪਗ ਅੱਠ ਨੁਕਤੇ ਜਾਂਚ ਕਮੇਟੀ ਦੇ ਧਿਆਨ ਵਿਚ ਲਿਆਂਦੇ ਗਏ ਹਨ। ਉਨ੍ਹਾਂ ਆਖਿਆ ਕਿ ਜਾਂਚ ਸ਼ੁਰੂ ਕਰਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਗੁਰੂ ਗ੍ਰੰਥ ਸਾਹਿਬ ਭਵਨ ਅਤੇ ਇਸ ਵਿਚ ਚਲਦੀ ਪ੍ਰਿੰਟਿੰਗ ਪ੍ਰੈੱਸ, ਸਟੋਰ ਅਤੇ ਦਫਤਰ ਆਦਿ ਗਵਾਹਾਂ ਦੀ ਮੌਜੂਦਗੀ ਵਿਚ ਸੀਲ ਕੀਤੇ ਜਾਣੇ ਚਾਹੀਦੇ ਸਨ। ਸਮੁੱਚਾ ਰਿਕਾਰਡ ਆਪਣੇ ਕਬਜ਼ੇ ਵਿਚ ਲੈਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਿੰਟਿੰਗ ਪ੍ਰੈੱਸ, ਸਟੋਰ ਅਤੇ ਦਫ਼ਤਰ ਸੀਲ ਨਾ ਹੋਣ ਕਾਰਨ 125 ਪਾਵਨ ਸਰੂਪਾਂ ਦੇ ਫਰਮੇ ਤਿਆਰ ਕਰਕੇ ਇਨ੍ਹਾਂ ਨੂੰ ਪਿਛਲੀਆਂ ਤਰੀਕਾਂ ਦੇ ਰਿਕਾਰਡ ਵਿਚ ਪਾ ਲਿਆ ਗਿਆ ਹੈ। ਇਸੇ ਤਰ੍ਹਾਂ ਸਬੰਧਤ ਰਿਕਾਰਡ ਨਾਲ ਅਧਿਕਾਰੀਆਂ ਵੱਲੋਂ ਛੇੜਛਾੜ ਕੀਤੀ ਗਈ ਹੈ।
ਉਨ੍ਹਾਂ ਲਿਖਿਆ ਕਿ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਦੇ ਜਿਸ ਕਮਰੇ ਵਿਚ ਜਾਂਚ ਚੱਲ ਰਹੀ ਹੈ, ਉਸ ਕਮਰੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਕੰਟਰੋਲ ਸ਼੍ਰੋਮਣੀ ਕਮੇਟੀ ਕੋਲ ਹੈ। ਜਦੋਂਕਿ ਇਹ ਕੰਟਰੋਲ ਜਾਂਚ ਅਧਿਕਾਰੀ ਦੇ ਅਧੀਨ ਹੋਣਾ ਚਾਹੀਦਾ ਸੀ। ਇਸੇ ਤਰ੍ਹਾਂ ਪੁੱਛਗਿੱਛ ਦੌਰਾਨ ਜਦੋਂ ਸਬੰਧਤ ਵਿਅਕਤੀਆਂ ਨੂੰ ਸੱਦਿਆ ਗਿਆ ਤਾਂ ਉਨ੍ਹਾਂ ਨਾਲ ਹੋਰ ਅਹਿਮ ਵਿਅਕਤੀ ਵੀ ਹਾਜ਼ਰ ਸਨ, ਜੋ ਜਾਂਚ ਦੇ ਬੁਨਿਆਦੀ ਨਿਯਮਾਂ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਘੱਟ ਗਏ ਪਾਵਨ ਸਰੂਪਾਂ ਸਬੰਧੀ ਪਿਛਲੀਆਂ ‘ਬੈਲੇਂਸ ਸ਼ੀਟਾਂ’ ਅਤੇ ਆਡਿਟ ਰਿਪੋਰਟ ਵਿਚ ਹਵਾਲਾ ਨਹੀਂ ਮਿਲਦਾ ਹੈ, ਜਿਸ ਲਈ ਸਿੱਖ ਸੰਸਥਾ ਦਾ ਆਡਿਟਰ ਜ਼ਿੰਮੇਵਾਰ ਹੈ। ਉਨ੍ਹਾਂ ਨੇ ਮੁੱਖ ਜਾਂਚ ਕਰਤਾ ਨੂੰ ਆਖਿਆ ਕਿ ਉਹ ਵੀ ਦਾਅਵੇ ਤੋਂ ਪਿਛੇ ਹੱਟ ਗਏ ਹਨ।