ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 9 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਲਾਉਣ ਲਈ ਹੁਣ ਰਾਹ ਪੱਧਰਾ ਹੋ ਗਿਆ ਹੈ। ਸੇਵਾਮੁਕਤ ਆਈਏਐੱਸ ਅਫ਼ਸਰਾਂ ਅਤੇ ਸਿੱਖਿਆ ਸ਼ਾਸਤਰੀਆਂ ’ਚ ਬੋਰਡ ਦਾ ਚੇਅਰਮੈਨ ਲੱਗਣ ਲਈ ਦੌੜ ਲੱਗੀ ਹੋਈ ਹੈ। ਬੋਰਡ ਦੇ ਸੂਤਰਾਂ ਅਨੁਸਾਰ ਪੰਜਾਬ ਦੇ ਤਤਕਾਲੀ ਮੁੱਖ ਸਕੱਤਰ ਦੀ ਅਗਵਾਈ ਵਾਲੀ ਵਿਸ਼ੇਸ਼ ਕਮੇਟੀ ਨੇ ਚੇਅਰਮੈਨ ਦੀ ਨਿਯੁਕਤੀ ਲਈ ਪੰਜ ਉਮੀਦਵਾਰ ਸ਼ਾਰਟ ਲਿਸਟ ਕੀਤੇ ਹਨ, ਜਿਨ੍ਹਾਂ ਵਿਚ ਤਿੰਨ ਸੇਵਾਮੁਕਤ ਆਈਏਐੱਸ ਅਫ਼ਸਰ ਅਸ਼ੋਕ ਕੁਮਾਰ ਮਲਿਕ, ਰੋਸ਼ਨ ਸੁੰਕਾਰੀਆ, ਏਐੱਸ ਮਿਗਲਾਨੀ ਤੇ ਸਿੱਖਿਆ ਸ਼ਾਸਤਰੀਆਂ ਵਿਚ ਸ਼ਰਨਜੀਤ ਸਿੰਘ ਢਿੱਲੋਂ ਤੇ ਯੋਗਰਾਜ ਸਿੰਘ ਦੇ ਨਾਂ ਸ਼ਾਮਲ ਹਨ। ਅਜੇ ਤਾਈਂ ਇਸ ਸਬੰਧੀ ਅੰਤਿਮ ਫ਼ੈਸਲਾ ਨਹੀਂ ਲਿਆ ਜਾ ਸਕਿਆ। ਇਨ੍ਹਾਂ ਉਮੀਦਵਾਰਾਂ ਦੇ ਨਾਵਾਂ ਵਿਚ ਫੇਰਬਦਲ ਹੋਣ ਦੀ ਵੀ ਚਰਚਾ ਹੈ ਕਿਉਂਕਿ ਇਹ ਸਿਫ਼ਾਰਸ਼ ਤਤਕਾਲੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਕਮੇਟੀ ਨੇ ਕੀਤੀ ਸੀ। ਪੰਜਾਬ ਸਰਕਾਰ ਨੇ ਸਕੂਲ ਬੋਰਡ ਦਾ ਚੇਅਰਮੈਨ ਲੱਗਣ ਦੇ ਚਾਹਵਾਨ ਵਿਅਕਤੀਆਂ ਕੋਲੋਂ 22 ਮਈ ਤਕ ਅਰਜ਼ੀਆਂ ਮੰਗੀਆਂ ਗਈਆਂ ਸਨ। ਅਖ਼ਬਾਰ ਵਿਚ ਇਸ਼ਤਿਹਾਰ ਪ੍ਰਕਾਸ਼ਿਤ ਹੋਣ ਮਗਰੋਂ ਇਕ ਜੱਜ ਸਮੇਤ ਪੰਜ ਸੇਵਾਮੁਕਤ ਆਈਏਐੱਸ ਅਫ਼ਸਰਾਂ, ਇਕ ਸਾਬਕਾ ਏਡੀਸੀ, ਬੋਰਡ ਦੇ ਸਾਬਕਾ ਸਕੱਤਰ ਅਤੇ ਕੁਝ ਸਿੱਖਿਆ ਸ਼ਾਸਤਰੀਆਂ ਸਮੇਤ ਕਰੀਬ 37 ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਸਨ। ਸੂਤਰਾਂ ਅਨੁਸਾਰ ਅਸ਼ੋਕ ਕੁਮਾਰ ਮਲਿਕ, ਰੋਸ਼ਨ ਸੰਕਾਰੀਆ, ਮਨਜੀਤ ਸਿੰਘ ਨਾਰੰਗ, ਏਐੱਸ ਮਿਗਲਾਨੀ, ਐੱਚਐੱਸ ਨੰਦਾ, ਸਾਬਕਾ ਏਡੀਸੀ ਚਰਨਦੇਵ ਸਿੰਘ ਮਾਨ, ਸਕੂਲ ਬੋਰਡ ਦੇ ਸਾਬਕਾ ਸਕੱਤਰ ਡਾ. ਬਲਵਿੰਦਰ ਸਿੰਘ, ਹਿੰਦੂ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਪਰਮਜੀਤ ਸਿੰਘ, ਜੋ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ ਵੀ ਹਨ। ਪੰਜਾਬ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਰਾਏ ਸ਼ਰਮਾ ਨੇ ਚੇਅਰਮੈਨ ਲੱਗਣ ਦੀ ਇੱਛਾ ਪ੍ਰਗਟਾਈ ਸੀ। ਬੋਰਡ ਆਫ਼ ਡਾਇਰੈਕਟਰਜ਼ ਦੇ ਇਕ ਮੈਂਬਰ ਮੋਹਨ ਲਾਲ ਸ਼ਰਮਾ ਨੇ ਚੇਅਰਮੈਨ ਅਤੇ ਵਾਈਸ ਚੇਅਰਮੈਨ, ਦੋ ਅਹੁਦਿਆਂ ਲਈ ਅਰਜ਼ੀਆਂ ਦਿੱਤੀਆਂ ਸਨ।
ਏਐੱਸ ਮਿਗਲਾਨੀ ਨੂੰ ਚੇਅਰਮੈਨੀ ਦੇਣ ਦੇ ਚਰਚੇ ਜ਼ੋਰਾਂ ’ਤੇ ਹਨ ਪਰ ਸਿਆਸੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਮੁੱਖ ਮੰਤਰੀ ਕਿਸੇ ਹਿੰਦੂ ਅਫ਼ਸਰ ਨੂੰ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪ ਸਕਦੇ ਹਨ। ਪਹਿਲਾਂ ਡੀਪੀਆਈ (ਐਲੀਮੈਂਟਰੀ) ਦੇ ਅਹੁਦੇ ਤੋਂ ਸੇਵਾਮੁਕਤ ਹੋਏ ਇੰਦਰਜੀਤ ਸਿੰਘ ਨੂੰ ਬੋਰਡ ਦੀ ਚੇਅਰਮੈਨੀ ਦੇਣ ਦੇ ਚਰਚੇ ਸਨ ਪਰ ਉਨ੍ਹਾਂ ਨੇ ਇਹ ਸਿਆਸੀ ਅਹੁਦਾ ਹੋਣ ਕਾਰਨ ਅਰਜ਼ੀ ਨਹੀਂ ਦਿੱਤੀ।
ਰੱਬ ਆਸਰੇ ਚੱਲ ਰਿਹੈ ਬੋਰਡ ਦਾ ਕੰਮ਼
ਇਸ ਸਮੇਂ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਫ਼ਤਰੀ ਕੰਮ ਰੱਬ ਆਸਰੇ ਚੱਲ ਰਿਹਾ ਹੈ। ਬੋਰਡ ਦੇ ਚੇਅਰਮੈਨ ਸਮੇਤ ਸਕੱਤਰ, ਕੰਟਰੋਲਰ (ਪ੍ਰੀਖਿਆਵਾਂ) ਅਤੇ ਡਾਇਰੈਕਟਰ (ਅਕਾਦਮਿਕ) ਆਦਿ ਮਹੱਤਵਪੂਰਨ ਅਹੁਦਿਆਂ ਦਾ ਕੰਮ ਦੂਜੇ ਅਧਿਕਾਰੀਆਂ ਨੂੰ ਵਾਧੂ ਚਾਰਜ ਦੇ ਕੇ ਡੰਗ ਸਾਰਿਆ ਜਾ ਰਿਹਾ ਹੈ।