ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਅਪਰੈਲ
ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਨੌਕਰੀ ’ਤੇ ਬਹਾਲ ਕੀਤੇ ਤਿੰਨ ਮੁਲਾਜ਼ਮਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੜ ਮੁਅੱਤਲ ਕਰ ਦਿੱਤਾ ਹੈ। ਕਮੇਟੀ ਨੇ ਮੁਲਾਜ਼ਮਾਂ ਖ਼ਿਲਾਫ਼ ਦੋਸ਼ ਪੱਤਰ ਤਿਆਰ ਕੀਤਾ ਹੈ। ਦੂਜੇ ਪਾਸੇ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਾ ਤਾਂ ਨੌਕਰੀ ’ਤੇ ਬਹਾਲ ਕੀਤਾ ਗਿਆ ਅਤੇ ਨਾ ਹੀ ਮੁਅੱਤਲੀ ਸਬੰਧੀ ਕੋਈ ਪੱਤਰ ਮਿਲਿਆ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੀਤੇ ਦਿਨ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਗੁਰਬਚਨ ਸਿੰਘ, ਕਲਰਕ ਬਾਜ ਸਿੰਘ ਅਤੇ ਹੈਲਪਰ ਦਲਬੀਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਨੌਕਰੀ ’ਤੇ ਬਹਾਲ ਕਰਨ ਦਾ ਫੈਸਲਾ ਦਿੱਤਾ ਸੀ। ਇਨ੍ਹਾਂ ਤਿੰਨ ਮੁਲਜ਼ਮਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਗਪਗ 2 ਸਾਲ ਪਹਿਲਾਂ 328 ਪਾਵਨ ਸਰੂਪ ਲਾਪਤਾ ਹੋਣ ਦੇ ਮਾਮਲੇ ਵਿਚ ਨੌਕਰੀ ਤੋਂ ਫਾਰਗ ਕਰ ਦਿੱਤਾ ਸੀ। ਇਨ੍ਹਾਂ ਤੋਂ ਇਲਾਵਾ ਹੋਰਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਸੀ, ਜਦਕਿ ਮਾਮਲੇ ਵਿਚ ਇਹ ਤਿੰਨ ਵਿਅਕਤੀ ਹੀ ਅਦਾਲਤ ਵਿਚ ਗਏ ਸਨ। ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਕਾਰਵਾਈ ਨੂੰ ਚੁਣੌਤੀ ਦਿੱਤੀ ਸੀ, ਜਿਸ ਦਾ ਫੈਸਲਾ ਹਾਈ ਕੋਰਟ ਨੇ ਹੁਣ ਦਿੱਤਾ ਸੀ।
ਇਸ ਸਬੰਧੀ ਮੀਤ ਸਕੱਤਰ ਗੁਰਬਚਨ ਸਿੰਘ ਨੇ ਦੱਸਿਆ ਕਿ ਫਿਲਹਾਲ ਨਾ ਤਾਂ ਉਨ੍ਹਾਂ ਦੀ ਹਾਜ਼ਰੀ ਲਾ ਕੇ ਨੌਕਰੀ ’ਤੇ ਬਹਾਲ ਕੀਤਾ ਗਿਆ ਅਤੇ ਨਾ ਹੀ ਕੋਈ ਮੁਅੱਤਲੀ ਸਬੰਧੀ ਪੱਤਰ ਮਿਲਿਆ। ਉਨ੍ਹਾਂ ਦੱਸਿਆ ਕਿ ਭਲਕੇ ਚਾਰ ਮਾਰਚ ਨੂੰ ਉਹ ਮੁੜ ਸ਼੍ਰੋਮਣੀ ਕਮੇਟੀ ਦਫ਼ਤਰ ਜਾਣਗੇ। ਇਸ ਦੌਰਾਨ ਕਮੇਟੀ ਦੀ ਅਗਲੇਰੀ ਕਾਰਵਾਈ ਤੋਂ ਬਾਅਦ ਉਹ ਵੀ ਮਾਮਲੇ ਨੂੰ ਕਾਨੂੰਨੀ ਪੱਖ ਤੋਂ ਦੇਖਣਗੇ ਅਤੇ ਅਗਲੇਰੀ ਕਾਰਵਾਈ ਬਾਰੇ ਵਿਚਾਰ ਕਰਨਗੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਦਾਲਤੀ ਹੁਕਮਾਂ ਦੀ ਕਾਪੀ ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਈਮੇਲ ਅਤੇ ਦਸਤੀ ਤੌਰ ’ਤੇ ਸੌਂਪ ਦਿੱਤੀ ਹੈ। ਇਹ ਮੀਤ ਸਕੱਤਰ ਜੁਲਾਈ 2020 ਵਿਚ ਸੇਵਾਮੁਕਤ ਹੋ ਗਿਆ ਸੀ ਪਰ ਉਸ ਦੀਆਂ ਸੇਵਾਵਾਂ ਵਿਚ ਅਗਲੇ ਹੁਕਮਾਂ ਤਕ ਵਾਧਾ ਕਰ ਦਿੱਤਾ ਗਿਆ ਸੀ। ਅਗਸਤ ਮਹੀਨੇ ਵਿਚ ਉਸ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ। ਉਸ ਨੇ ਦੱਸਿਆ ਕਿ ਸੇਵਾਮੁਕਤੀ ਦੇ ਲਾਭ ਵੀ ਹੁਣ ਤਕ ਨਹੀਂ ਮਿਲੇ।
ਅਦਾਲਤੀ ਹੁਕਮਾਂ ਅਨੁਸਾਰ ਡਿਊਟੀ ’ਤੇ ਹਾਜ਼ਰ ਹੋਣ ਮਗਰੋਂ ਕੀਤੀ ਕਾਰਵਾਈ: ਧਾਮੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਮੁਤਾਬਕ ਇਨ੍ਹਾਂ ਮੁਲਜ਼ਮਾਂ ਨੂੰ ਡਿਊਟੀ ’ਤੇ ਹਾਜ਼ਰ ਕਰਨ ਮਗਰੋਂ ਅਗਲੇਰੀ ਕਾਰਵਾਈ ਕਰਦਿਆਂ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਖਿਲਾਫ ਦੋਸ਼ ਪੱਤਰ ਵੀ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਦਾਲਤ ਦੇ ਹੁਕਮਾਂ ਮੁਤਾਬਕ ਹੀ ਕਾਰਵਾਈ ਕਰੇਗੀ।