ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 2 ਜੁਲਾਈ
ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਵਿਦਿਆਰਥੀਆਂ ਦੇ ਰਹਿਣ ਲਈ ਬਣਾਇਆ ਗਿਆ ਹੋਸਟਲ ਪਿਛਲੇ ਡੇਢ ਸਾਲ ਤੋਂ ਪਟਵਾਰਖਾਨੇ ਵਿੱਚ ਤਬਦੀਲ ਹੋ ਚੁੱਕਿਆ ਹੈ। ਸਮੱਗਰ ਸਿੱਖਿਆ ਅਭਿਆਨ ਅਥਾਰਟੀ ਦੇ ਡਾਇਰੈਕਟਰ ਜਨਰਲ ਪ੍ਰਦੀਪ ਕੁਮਾਰ ਅਗਰਵਾਲ ਇਹ ਇਮਾਰਤ ਖ਼ਾਲੀ ਕਰਵਾਉਣ ਲਈ ਇੱਥੋਂ ਦੇ ਡਿਪਟੀ ਕਮਿਸ਼ਨਰ ਨੂੰ ਕਈ ਵਾਰ ਪੱਤਰ ਲਿਖ ਚੁੱਕੇ ਹਨ ਪਰ ਅਜੇ ਤੱਕ ਉਨ੍ਹਾਂ ਦੀ ਇਸ ਮੰਗ ’ਤੇ ਕੋਈ ਅਮਲ ਨਹੀਂ ਹੋਇਆ ਹੈ। ਡੀਸੀ ਨੂੰ ਲਿਖੇ ਪੱਤਰ ਵਿੱਚ ਸਿੱਖਿਆ ਅਧਿਕਾਰੀ ਨੇ ਸਪੱਸ਼ਟ ਦੱਸਿਆ ਕਿ ਨਵੇਂ ਵਿੱਦਿਅਕ ਸੈਸ਼ਨ ਤਹਿਤ ਨਵੇਂ ਬੱਚਿਆਂ ਦਾ ਦਾਖ਼ਲਾ ਕੀਤਾ ਜਾਣਾ ਹੈ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਬੀਤੀ 15 ਮਈ ਨੂੰ ਐੱਨਐੱਮਐੱਮਐੱਸ ਦੇ ਪੇਪਰ ਵਿੱਚ ਰਿਹਾਇਸ਼ੀ ਹੋਸਟਲ ਦੇ ਤਿੰਨ ਵਿਦਿਆਰਥੀਆਂ ਦੇ ਘਰ ਦੂਰ ਹੋਣ ਕਰਕੇ ਉਹ ਪੇਪਰ ਦੇਣ ਤੋਂ ਵਾਂਝੇ ਰਹਿ ਗਏ। ਲਿਹਾਜ਼ਾ ਪਟਵਾਰੀਆਂ ਦੇ ਬੈਠਣ ਦਾ ਪ੍ਰਬੰਧ ਛੇਤੀ ਤੋਂ ਛੇਤੀ ਕਿਧਰੇ ਹੋਰ ਕਰਕੇ ਇਸ ਹੋਸਟਲ ਨੂੰ ਖਾਲੀ ਕਰਵਾਇਆ ਜਾਵੇ। ਦੱਸ ਦਈਏ ਕਿ ਕੁੱਝ ਸਾਲ ਪਹਿਲਾਂ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਅਜਿਹੇ ਪੰਜ ਹੋਸਟਲ ਤਿਆਰ ਕਰਵਾਏ ਗਏ ਸਨ ਤਾਂ ਜੋ ਦੂਰ-ਦੁਰੇਡੇ ਤੋਂ ਆਉਣ ਵਾਲੇ ਗਰੀਬ ਬੱਚੇ ਪੜ੍ਹਾਈ ਤੋਂ ਵਾਂਝੇ ਨਾ ਰਹਿ ਜਾਣ। ਹੁਣ ਹੋਸਟਲ ਖਾਲੀ ਨਾ ਹੋਣ ਕਰਕੇ ਕਈ ਵਿਦਿਆਰਥੀ ਸਕੂਲ ਛੱਡ ਕੇ ਜਾ ਚੁੱਕੇ ਹਨ। ਅਧਿਆਪਕਾ ਨੇ ਦੱਸਿਆ ਕਿ ਹੋਸਟਲ ਖਾਲੀ ਨਾ ਹੋਣ ਕਰਕੇ ਹੁਣ 90 ਵਿੱਚੋਂ ਸਿਰਫ਼ 49 ਬੱਚੇ ਰਹਿ ਗਏ ਹਨ। ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਨੇ ਭਰੋਸਾ ਦਿੱਤਾ ਕਿ ਪਟਵਾਰੀਆਂ ਵਾਸਤੇ ਕਿਸੇ ਹੋਰ ਇਮਾਰਤ ਦਾ ਪ੍ਰਬੰਧ ਕਰਕੇ ਛੇਤੀ ਹੀ ਹੋਸਟਲ ਖਾਲੀ ਕਰਵਾਇਆ ਜਾਵੇਗਾ।