ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਮਾਰਚ
ਪੰਜਾਬ ’ਚ ਨਵੀਂ ਬਣੀ ‘ਆਪ’ ਸਰਕਾਰ ਵੱਲੋਂ ਅੱਜ ਪਟਵਾਰੀਆਂ ਲਈ ਸਟੇਸ਼ਨਰੀ ਅਤੇ ਬਸਤੇ ਭੱਤੇ ’ਚ ਕੀਤਾ ਗਿਆ ਵਾਧਾ ਪਟਵਾਰੀਆਂ ਵੱਲੋਂ ਨਕਾਰ ਦਿੱਤਾ ਗਿਆ ਹੈ। ਪਟਵਾਰੀਆਂ ਵੱਲੋਂ ਦੋਵੇਂ ਭੱਤਿਆਂ ’ਚ 2-2 ਹਜ਼ਾਰ ਰੁਪਏ ਦਾ ਵਾਧਾ ਕਰਨ ਦੀ ਮੰਗ ਕੀਤੀ ਜਾ ਰਹੀ ਸੀ, ਪਰ ਸਰਕਾਰ ਨੇ ਸਿਰਫ਼ 200 ਰੁਪਏ ਦਾ ਵਾਧਾ ਕੀਤਾ ਹੈ। ਰੈਵੇਨਿਊ ਪਟਵਾਰ ਯੂਨੀਅਨ ਨੇ ਵੱਧ ਰਹੀ ਮਹਿੰਗਾਈ ਦੇ ਮੁਤਾਬਕ ਇਹ ਭੱਤੇ ਵਧਾਉਣ ਦੀ ਮੰਗ ਕੀਤੀ ਹੈ। ਯੂਨੀਅਨ ਦੇ ਸੂਬਾਈ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਭਰ ਦੇ ਪਟਵਾਰੀਆਂ ਵੱਲੋਂ ਲੜੀ ਗਈ ਲੰਮੀ ਲੜਾਈ ਦੌਰਾਨ ਖਾਲੀ ਅਸਾਮੀਆਂ ਭਰਨ ਸਣੇ ਭੱਤਿਆਂ ’ਚ ਵਾਧਾ ਕਰਨ ਦੀ ਮੰਗ ਰੱਖੀ ਗਈ ਸੀ। ਉਨ੍ਹਾਂ ਦੱਸਿਆ ਕਿ ਅੱਜ ਨਵੀਂ ਸਰਕਾਰ ਵੱਲੋਂ ਪਟਵਾਰੀਆਂ ਦੇ ਭੱਤਿਆਂ ’ਚ ਕੀਤਾ ਗਿਆ ਇਹ ਨਿਗੂਣਾ ਵਾਧਾ ਹਾਸੋ-ਹੀਣੀ ਕਾਰਵਾਈ ਹੈ। ਢੀਂਡਸਾ ਨੇ ਦੱਸਿਆ ਕਿ ਸੂਬੇ ’ਚ ਬਹੁਤੀਆਂ ਥਾਵਾਂ ’ਤੇ ਪਟਵਾਰ ਸਰਕਲ ਨਾ ਹੋਣ ਕਰਕੇ ਪਟਵਾਰੀਆਂ ਨੂੰ ਖ਼ੁਦ ਕਿਰਾਏ ’ਤੇ ਕਮਰੇ ਲੈ ਕੇ ਦਫ਼ਤਰ ਚਲਾਉਣੇ ਪੈ ਰਹੇ ਹਨ। ਸਰਕਾਰ ਵੱਲੋਂ ਇੱਕ ਪਟਵਾਰੀ ਨੂੰ ਦਫ਼ਤਰੀ ਕਿਰਾਏ ਭੱਤੇ ਵਜੋਂ 140 ਰੁਪਏ ਮਹੀਨਾ ਦਿੱਤਾ ਜਾਂਦਾ ਹੈ, ਜਿਸ ਨੂੰ ਵਧਾ ਕੇ ਯੂਨੀਅਨ ਨੇ ਤਿੰਨ ਹਜ਼ਾਰ ਰੁਪਏ ਮਹੀਨਾ ਕਰਨ ਦੀ ਮੰਗ ਕੀਤੀ ਸੀ, ਪਰ ਸਰਕਾਰ ਨੇ ਇਸ ਭੱਤੇ ਵਿੱਚ ਕੋਈ ਵਾਧਾ ਨਹੀਂ ਕੀਤਾ। ਇਸੇ ਤਰ੍ਹਾਂ ਪਟਵਾਰੀਆਂ ਨੂੰ ਸਟੇਸ਼ਨਰੀ ਅਤੇ ਬਸਤੇ ਭੱਤੇ ਵਜੋਂ ਸਰਕਾਰ ਸੌ-ਸੌ ਰੁਪਏ ਦਿੰਦੀ ਹੈ। ਪਟਵਾਰੀਆਂ ਵੱਲੋਂ ਇਹ ਭੱਤਾ ਵਧਾ ਕੇ ਦੋ ਹਜ਼ਾਰ ਰੁਪਏ ਕਰਨ ਦੀ ਮੰਗ ਰੱਖੀ ਗਈ ਸੀ, ਪਰ ਇਨ੍ਹਾਂ ਵਿੱਚ ਵੀ ਸਰਕਾਰ ਵੱਲੋਂ ਸਿਰਫ਼ ਸੌ-ਸੌ ਰੁਪਏ ਦਾ ਵਾਧਾ ਕੀਤਾ ਗਿਆ ਹੈ।