ਖੇਤਰੀ ਪ੍ਰਤੀਨਿਧ
ਪਟਿਆਲਾ, 21 ਮਈ
‘ਦਿ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ’ ਅਤੇ ‘ਦਿ ਰੈਵੇਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ’ ਦੀ ਤਾਲਮੇਲ ਕਮੇਟੀ ਦੇ ਫ਼ੈਸਲੇ ਅਨੁਸਾਰ ਪੰਜਾਬ ਦੇ ਸਮੂਹ ਪਟਵਾਰੀਆਂ ਅਤੇ ਕਾਨੂੰਗੋਆਂ ਨੇ ਆਪੋ-ਆਪਣੇ ਵਾਧੂ ਸਰਕਲ ਦਾ ਹਰ ਤਰ੍ਹਾਂ ਦਾ ਕੰਮ ਬੰਦ ਕਰ ਦਿੱਤਾ ਹੈ, ਜਿਸ ਕਾਰਨ ਅੱਠ ਹਜ਼ਾਰ ਪਿੰਡਾਂ ਦਾ ਪਟਵਾਰੀਆਂ ਨਾਲ ਸਬੰਧਤ ਕੰਮ ਠੱਪ ਹੋ ਗਿਆ ਹੈ। ਪਟਵਾਰੀ ਯੂਨੀਅਨ ਦੇ ਸੂਬਾਈ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਕਿਹਾ ਕਿ ਪਟਵਾਰੀਆਂ ਦੀ ਕਮੀ ਨੂੰ ਦੇਖਦਿਆਂ ਪੰਜਾਬ ਕੈਬੀਨੇਟ ਵੱਲੋਂ 1766 ਸੇਵਾਮੁਕਤ ਪਟਵਾਰੀਆਂ ਨੂੰ ਰੱਖਣ ਦੀ ਤਜਵੀਜ਼ ’ਤੇ ਲਾਈ ਮੋਹਰ ਨਾਲ ਉਹ ਸਹਿਮਤ ਨਹੀਂ ਹਨ। ਉਨ੍ਹਾਂ ਕਿਹਾ ਕਿ ਮਾਲ ਮਹਿਕਮੇ ਦਾ 99 ਫੀਸਦੀ ਕੰਮ ਆਨਲਾਈਨ ਹੋ ਚੁੱਕਾ ਹੈ। ਰਿਟਾਇਰਡ ਪਟਵਾਰੀ ਆਨਲਾਈਨ ਪ੍ਰਕਿਰਿਆ ਤੋਂ ਜਾਣੂ ਨਾ ਹੋਣ ਕਾਰਨ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਵੇਗਾ।