ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਜੂਨ
ਪੰਜਾਬ ਸਰਕਾਰ ਵੱਲੋਂ ਚਿਰੋਕਣੀਆਂ ਮੰਗਾਂ ਦੀ ਪੂਰਤੀ ਨਾ ਕੀਤੇ ਜਾਣ ਤੋਂ ਖ਼ਫ਼ਾ ਪੰਜਾਬ ਦੇ ਪਟਵਾਰੀਆਂ ਅਤੇ ਕਾਨੂੰਨਗੋਆਂ ਨੇ 21 ਜੂਨ ਤੋਂ ਵਾਧੂ ਸਰਕਲਾਂ ਦਾ ਚਾਰਜ ਛੱਡ ਦਿੱਤਾ ਹੈ। ਇਸ ਕਾਰਵਾਈ ਨਾਲ ਸੂਬੇ ਦੇ ਅੱਠ ਹਜ਼ਾਰ ਤੋਂ ਵੱਧ ਪਿੰਡ ਪ੍ਰਭਾਵਿਤ ਹੋਣਗੇ।
‘ਦਿ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ’ ਦੇ ਸੂਬਾਈ ਜਨਰਲ ਸਕੱਤਰ ਅਤੇ ਪੰਜਾਬ ਤਾਲਮੇਲ ਕਮੇਟੀ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ, ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੁਖ ਸਿੰਘ ਖੈਰਪੁਰੀ, ਜਨਰਲ ਸਕੱਤਰ ਗੁਰਪ੍ਰੀਤ ਸਿੰਘ, ਕਾਨੂੰਨਗੋ ਐਸੋਸੀਏਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਰਾਏ ਨੇ ਕਿਹਾ ਕਿ ਪਟਵਾਰੀਆਂ ਦੀਆਂ 4716 ਅਸਾਮੀਆਂ ’ਤੇ ਸਿਰਫ਼ 1995 ਪਟਵਾਰੀ ਤਾਇਨਾਤ ਹਨ, ਜਿਸ ਕਰਕੇ ਉਨ੍ਹਾਂ ’ਤੇ 2721 ਸਰਕਲਾਂ ਦਾ ਵਾਧੂ ਬੋਝ ਹੈ। ਇੱਕ ਸਰਕਲ ’ਚ ਚਾਰ ਤੋਂ ਛੇ ਤੱਕ ਪਿੰਡ ਹੁੰਦੇ ਹਨ। ਕਾਨੂੰਨਗੋ ਦੀਆਂ 661 ’ਚੋਂ 500 ਆਸਾਮੀਆਂ ਖਾਲੀ ਹੋਣ ਕਾਰਨ 161 ਕਾਨੂੰਨਗੋਆਂ ਨੂੰ ਵਾਧੂ ਚਾਰਜ ਦੇ ਕੇ 661 ਕਾਨੂੰਨਗੋਆਂ ਦਾ ਕੰਮ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਤ ਪਟਵਾਰ ਸਰਕਲਾਂ ਪਿੱਛੇ ਇਕ ਕਾਨੂੰਨਗੋ ਦੀ ਤਜਵੀਜ਼ ਮਨਜ਼ੂਰ ਹੋਣ ਦੇ ਬਾਵਜੂਦ ਲਾਗੂ ਨਹੀਂ ਕੀਤੀ ਜਾ ਰਹੀ।
ਆਗੂਆਂ ਨੇ ਦੱਸਿਆ ਕਿ ਅੱਜ ਤੋਂ ਵਾਧੂ ਸਰਕਲਾਂ ਤੇ ਹਲਕਿਆਂ ਦਾ ਚਾਰਜ ਛੱਡਣ ਨਾਲ ਪੰਜਾਬ ਦੇ ਅੱਠ ਹਜ਼ਾਰ ਤੋਂ ਵੀ ਵੱਧ ਪਿੰਡ ਪ੍ਰਭਾਵਿਤ ਹੋਣਗੇ। ਇਸ ਤਹਿਤ ਪਟਿਆਲਾ ਦੇ 259 ਸਰਕਲਾਂ ’ਚੋਂ 111 ਪਟਵਾਰ ਅਤੇ 7 ਕਾਨੂੰਨਗੋ ਸਰਕਲ ਹੁਣ ਬਿਨਾਂ ਪਟਵਾਰੀਆਂ ਤੇ ਕਾਨੂੰਨਗੋਆਂ ਤੋਂ ਹੋ ਜਾਣਗੇ। ਇਸ ਮੌਕੇ ਤਾਲਮੇਲ ਕਮੇਟੀ ਦੇ ਮੈਂਬਰ ਗੁਰਜੰਟ ਰਾਣਾ, ਰਾਜ ਕੁਮਾਰ, ਸਤਨਾਮ ਵਿਰਕ, ਅਜੈ ਕੁਮਾਰ, ਅੰਕਿਤ ਮਿੱਤਲ, ਜਗਤਾਰ ਸਿੰਘ ਗੁਰਨਾ, ਸਤਵੀਰ ਸਿੰਘ, ਇਸ਼ਪਿੰਦਰ ਸਿੰਘ, ਟਹਿਲ ਸਿੰਘ ਮੱਲੇਵਾਲ ਹਾਜ਼ਰ ਸਨ।