ਪੱਤਰ ਪ੍ਰੇਰਕ
ਪਾਤੜਾਂ, 4 ਅਕਤੂਬਰ
ਪਿੰਡ ਬਰਾਸ ਵਿਚ ਕਿਸਾਨ ਵੱਲੋਂ ਖੇਤ ਵਿਚ ਪਰਾਲੀ ਨੂੰ ਲਗਾਈ ਅੱਗ ਦੀ ਰਿਪੋਰਟ ਤਿਆਰ ਕਰਨ ਗਏ ਪਟਵਾਰੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਇਕੱਤਰ ਕਿਸਾਨਾਂ ਨੇ ਬੰਦੀ ਬਣਾ ਲਿਆ। ਨਾਇਬ ਤਹਿਸੀਲਦਾਰ ਪਾਤੜਾਂ ਭੀਮ ਸੈਨ ਵੱਲੋਂ ਮੌਕੇ ’ਤੇ ਪਹੁੰਚ ਕੇ ਭਰੋਸਾ ਦਿੱਤੇ ਜਾਣ ਮਗਰੋਂ ਕਿਸਾਨਾਂ ਨੇ ਪਟਵਾਰੀ ਨੂੰ ਆਜ਼ਾਦ ਕੀਤਾ। ਜ਼ਿਲ੍ਹਾ ਆਗੂ ਜਸਵਿੰਦਰ ਸਿੰਘ ਜੱਸਾ ਨੇ ਦੱਸਿਆ ਕਿ ਪਰਾਲੀ ਸਾੜਨ ਦੇ ਮਾਮਲੇ ’ਚ ਹਲਕਾ ਪਟਵਾਰੀ ਰਮਨ ਸਿੰਘ ਕਿਸਾਨ ਉੱਤੇ ਕਾਰਵਾਈ ਕਰਨ ਲਈ ਰਿਪੋਰਟ ਤਿਆਰ ਕਰਨ ਵਾਸਤੇ ਪਿੰਡ ਪਹੁੰਚਿਆ ਸੀ। ਇਸ ਮੌਕੇ ਇਕੱਠੇ ਹੋਏ ਕਿਸਾਨਾਂ ਨੇ ਪਟਵਾਰੀ ਨੂੰ ਬੰਦੀ ਬਣਾ ਕੇ ਖੇਤ ਵਿਚ ਹੀ ਧਰਨਾ ਲਾ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਕੋਈ ਵੱਡਾ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਇਸ ਗੱਲ ਦੀ ਜ਼ਿੰਮੇਵਾਰੀ ਲਵੇ ਕਿ ਕਿਸਾਨ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਜਾਂ ਉਨ੍ਹਾਂ ਦੀ ਜ਼ਮੀਨ ਦੇ ਮਾਲ ਰਿਕਾਰਡ ਵਿੱਚ ਕਿਸੇ ਕਿਸਮ ਦੀ ਲਾਲ ਐਂਟਰੀ ਨਹੀਂ ਹੋਵੇਗੀ।