ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 2 ਅਕਤੂਬਰ
ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲੀਸ ਨੇ ਇਕ ਔਰਤ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਇੱਕ ਸੇਵਾਮੁਕਤ ਕਾਨੂੰਨਗੋ, ਸੇਵਾਮੁਕਤ ਪਟਵਾਰੀ ਤੇ ਇੱਕ ਪੰਚਾਇਤ ਮੈਂਬਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਡੀਐੱਸਪੀ ਮਨਜੀਤ ਸਿੰਘ ਢੇਸੀ ਅਤੇ ਥਾਣਾ ਨਿਹਾਲ ਸਿੰਘ ਵਾਲਾ ਦੇ ਮੁਖੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਨਵਾਂ ਮਾਛੀ ਕੇ ਦੀ ਪੀੜਤ ਔਰਤ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਪੰਚ ਤਾਰਾ ਸਿੰਘ ਉਸ ਨੂੰ ਨਿਹਾਲ ਸਿੰਘ ਵਾਲਾ ਵਿੱਚ ਮਲਕੀਤ ਸਿੰਘ ਪਟਵਾਰੀ ਦੇ ਘਰ ਛੱਡ ਆਇਆ, ਜਿਥੇ ਪਟਵਾਰੀ ਮਲਕੀਤ ਸਿੰਘ ਤੇ ਕਾਨੂੰਨਗੋ ਕੇਵਲ ਸਿੰਘ ਨੇ ਉਸ ਨਾਲ ਜਬਰ-ਜਨਾਹ ਕੀਤਾ। ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲੀਸ ਨੇ ਇਸ ਸ਼ਿਕਾਇਤ ਦੇ ਆਧਾਰ ’ਤੇ ਕੇਵਲ ਸਿੰਘ, ਮਲਕੀਤ ਸਿੰਘ ਤੇ ਪੰਚ ਤਾਰਾ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਬਲਜੀਤ ਕੌਰ ਨੂੰ ਸੌਂਪੀ ਗਈ ਹੈ।