ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਅਗਸਤ
ਪਟਵਾਰੀਆਂ ਦੀ ਭਰਤੀ ਲਈ ਹੋਈ ਪ੍ਰੀਖਿਆ ਵੇਲੇ ਗੁਰਸਿੱਖ ਉਮੀਦਵਾਰਾਂ ਨੂੰ ਕਕਾਰ ਉਤਾਰਨ ਲਈ ਮਜਬੂਰ ਕਰਨ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਜਾਂਚ ਕਮੇਟੀ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕਮੇਟੀ ਨੇ ਪ੍ਰਭਾਵਿਤ ਉਮੀਦਵਾਰਾਂ ਕੋਲੋਂ ਵੇਰਵੇ ਮੰਗੇ ਹਨ। ਇਸ ਪ੍ਰੀਖਿਆ ਦੌਰਾਨ ਚੰਡੀਗੜ੍ਹ ਦੇ ਸੈਕਟਰ 32 ਸਥਿਤ ਕਾਲਜ ਵਿੱਚ ਗੁਰਸਿੱਖ ਪ੍ਰੀਖਿਆਰਥੀਆਂ ਨੂੰ ਕਕਾਰ ਉਤਾਰ ਕੇ ਪ੍ਰੀਖਿਆ ਦੇਣ ਲਈ ਮਜਬੂਰ ਕੀਤਾ ਗਿਆ ਸੀ। ਇਸੇ ਤਰ੍ਹਾਂ ਜਲੰਧਰ ਦੇ ਇੱਕ ਪ੍ਰੀਖਿਆ ਕੇਂਦਰ ਵਿੱਚ ਅੰਮ੍ਰਿਤਧਾਰੀ ਉਮੀਦਵਾਰ ਨੂੰ ਆਪਣਾ ਕੜਾ ਉਤਾਰ ਕੇ ਪ੍ਰੀਖਿਆ ਕੇਂਦਰ ਵਿੱਚ ਜਾਣ ਲਈ ਆਖਿਆ ਗਿਆ ਸੀ ਜਿਸ ਦਾ ਵਿਰੋਧ ਕਰਨ ’ਤੇ ਕੜੇ ਨੂੰ ਟੇਪ ਲਾ ਕੇ ਢਕ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਹੀ ਉਮੀਦਵਾਰ ਨੂੰ ਦਾਖ਼ਲ ਹੋਣ ਦੀ ਆਗਿਆ ਦਿੱਤੀ ਗਈ। ਇਸ ਸਬੰਧੀ ਦੋ ਉਮੀਦਵਾਰਾਂ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਸ਼ਿਕਾਇਤ ਕੀਤੀ ਗਈ ਸੀ। ਸਬ-ਕਮੇਟੀ ਦੇ ਮੁਖੀ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਬੰਧਤ ਅਦਾਰਿਆਂ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾਣਗੇ ਅਤੇ ਪ੍ਰਬੰਧਕਾਂ ਤੋਂ ਵੀ ਪੁੱਛ-ਪੜਤਾਲ ਕੀਤੀ ਜਾਵੇਗੀ। ਵਿਦਿਆਰਥੀ ਉਨ੍ਹਾਂ ਨਾਲ 98152-50589, ਸਬ-ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ ਨਾਲ 98154-93157, ਅਮਰੀਕ ਸਿੰਘ ਸ਼ਾਹਪੁਰ ਨਾਲ 97814-09999, ਗੁਰਚਰਨ ਸਿੰਘ ਗਰੇਵਾਲ ਨਾਲ 98148-98643 ਅਤੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਨਾਲ 98148-98268 ’ਤੇ ਸੰਪਰਕ ਕਰ ਸਕਦੇ ਹਨ।