ਜੋਗਿੰਦਰ ਸਿੰਘ ਮਾਨ/ਜੀਵਨ ਕ੍ਰਾਂਤੀ
ਮਾਨਸਾ/ਝੁਨੀਰ, 22 ਅਕਤੂਬਰ
ਝੁਨੀਰ ਵਿੱਚ ਮਰੀਜ਼ ਨੂੰ ਲਿਜਾ ਰਹੀ ਐਂਬੂਲੈਂਸ ਪੁਲੀਸ ਵੱਲੋਂ ਰੋਕੇ ਜਾਣ ਅਤੇ ਉਸ ਦੇ ਡਰਾਈਵਰ ਦੀ ਕੀਤੀ ਗਈ ਕੁੱਟਮਾਰ ਕਾਰਨ ਹਸਪਤਾਲ ਪਹੁੰਚਣ ’ਚ ਹੋਈ ਦੇਰੀ ਕਰਕੇ ਮਰੀਜ਼ ਦੀ ਰਸਤੇ ਵਿੱਚ ਹੀ ਮੌਤ ਹੋ ਗਈ।
ਇਸ ਮਗਰੋਂ ਮ੍ਰਿਤਕ ਦਰਸ਼ਨ ਸਿੰਘ (42) ਦੇ ਵਾਰਸਾਂ ਨੇ ਝੁਨੀਰ ਦੇ ਬੱਸ ਅੱਡੇ ਨੇੜੇ ਲਾਸ਼ ਰੱਖ ਕੇ ਆਵਾਜਾਈ ਬੰਦ ਕਰ ਦਿੱਤੀ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਵਿੱਚ ਮਾਨਸਾ, ਸਰਦੂਲਗੜ੍ਹ ਅਤੇ ਸਿਰਸਾ ਦੇ ਸਮੂਹ ਐਂਬੂਲੈਂਸ ਡਰਾਈਵਰਾਂ ਨੇ ਸ਼ਮੂਲੀਅਤ ਕਰਦਿਆਂ ਅੱਜ ਪੂਰਾ ਦਿਨ ਆਪਣੀਆਂ ਐਂਬੂਲੈਂਸ ਸੇਵਾਵਾਂ ਬੰਦ ਰੱਖੀਆਂ। ਇਸ ਮੌਕੇ ਪਰਿਆਸ ਟਰੱਸਟ ਦੇ ਆਗੂ ਪ੍ਰਦੀਪ ਕੁਮਾਰ ਕਾਕਾ, ਅੰਗਰੇਜ਼ ਚੰਦ ਬੁਰਜਾਂ ਵਾਲੇ, ਬਲਜਿੰਦਰ ਸਿੰਘ ਚਹਿਲਾਂਵਾਲੀ ਤੇ ਹੋਰਾਂ ਨੇ ਸੰਬੋਧਨ ਕੀਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਬੀਤੀ ਰਾਤ ਦਰਸ਼ਨ ਸਿੰਘ ਨੂੰ ਗੰਭੀਰ ਹਾਲਤ ’ਚ ਐਂਬੂਲੈਂਸ ਰਾਹੀਂ ਸਿਰਸਾ ਤੋਂ ਡੀਐੱਮਸੀ ਲੁਧਿਆਣਾ ਲਿਜਾ ਰਹੇ ਸਨ। ਉਹ ਝੁਨੀਰ ਕੋਲ ਪਹੁੰਚੇ ਤਾਂ ਉੱਥੇ ਨਾਕੇ ’ਤੇ ਤਾਇਨਾਤ ਪੁਲੀਸ ਨੇ ਉਨ੍ਹਾਂ ਨੂੰ ਬਿਨਾਂ ਕਾਰਨ ਰੋਕ ਲਿਆ ਅਤੇ ਡਰਾਈਵਰ ਦੀ ਕੁੱਟਮਾਰ ਵੀ ਕੀਤੀ। ਪੁਲੀਸ ਦੀ ਇਸ ਧੱਕੇਸ਼ਾਹੀ ਕਰਕੇ ਉਨ੍ਹਾਂ ਨੂੰ ਡੀਐੱਮਸੀ ਲੁਧਿਆਣਾ ਹਸਪਤਾਲ ਪਹੁੰਚਣ ’ਚ ਦੇਰੀ ਹੋ ਗਈ ਤੇ ਮਰੀਜ਼ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਜੇ ਪੁਲੀਸ ਉਨ੍ਹਾਂ ਨੂੰ ਨਾ ਰੋਕਦੀ ਤਾਂ ਮਰੀਜ਼ ਦੀ ਜਾਨ ਬਚ ਸਕਦੀ ਸੀ।
ਤਿੰਨ ਪੁਲੀਸ ਮੁਲਾਜ਼ਮ ਮੁਅੱਤਲ
ਧਰਨੇ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਸਰਦੂਲਗੜ੍ਹ ਦੇ ਡੀਐੱਸਪੀ ਅਮਰਜੀਤ ਸਿੰਘ ਸੰਧੂ ਤੇ ਐੱਸਪੀਡੀ ਦਿਗਵਿਜੈ ਸਿੰਘ ਮੌਕੇ ’ਤੇ ਪਹੁੰਚੇ ਗਏ। ਪੁਲੀਸ ਅਧਿਕਾਰੀਆਂ ਵੱਲੋਂ ਇਨਸਾਫ ਦਾ ਭਰੋਸਾ ਮਿਲਣ ’ਤੇ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ। ਇਸ ਮਗਰੋਂ ਜਾਂਚ ਕਰ ਕੇ ਉੱਚ ਅਧਿਕਾਰੀਆਂ ਨੇ ਪੁਲੀਸ ਮੁਲਾਜ਼ਮ ਕੁਲਵੰਤ ਸਿੰਘ, ਜਸਵੰਤ ਸਿੰਘ ਅਤੇ ਹੋਮਗਾਰਡ ਮੁਲਾਜ਼ਮ ਜੀਤ ਸਿੰਘ ’ਤੇ ਧਾਰਾ 323, 341, 304ਏ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਹੈ।