ਜਸਵੰਤ ਜੱਸ
ਫ਼ਰੀਦਕੋਟ, 29 ਅਗਸਤ
ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਕਰੋਨਾ ਵਾਰਡ ’ਚ ਦਾਖਲ ਇੱਕ ਮਰੀਜ਼ ਦੀ ਇਮਾਰਤ ਦੀ ਦੂਸਰੀ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਡਾਕਟਰਾਂ ਨੂੰ ਘਟਨਾ ਦਾ ਦੋ ਘੰਟੇ ਤੱਕ ਪਤਾ ਹੀ ਨਹੀਂ ਲੱਗਾ ਤੇ ਹਸਪਤਾਲ ਦੇ ਕਰਮਚਾਰੀ ਪਰਿਵਾਰਕ ਮੈਂਬਰਾਂ ਨੂੰ ਧਮਕਾਉਂਦੇ ਰਹੇ ਕਿ ਉਨ੍ਹਾਂ ਦਾ ਮਰੀਜ਼ ਵਾਰਡ ’ਚੋਂ ਭੱਜ ਗਿਆ ਹੈ। ਪੜਤਾਲ ਮਗਰੋਂ ਪਤਾ ਲੱਗਿਆ ਕਿ ਵਾਸ਼ਰੂਮ ਗਿਆ ਅਵਤਾਰ ਸਿੰਘ ਉਰਫ਼ ਗੋਰਾ ਉੱਥੇ ਖੁੱਲ੍ਹੀ ਪਈ ਪਾਈਪ ਵਿੱਚ ਵੱਜਣ ਕਰਕੇ ਦੂਜੀ ਮੰਜ਼ਿਲ ਤੋਂ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਨੌਜਵਾਨ ਅਵਤਾਰ ਸਿੰਘ ਗੋਰਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਕਰੋਨਾ ਵਾਰਡ ’ਚ ਮਰੀਜ਼ਾਂ ਦੀ ਕੋਈ ਦੇਖਭਾਲ ਨਹੀਂ ਹੋ ਰਹੀ। ਮ੍ਰਿਤਕ ਦੇ ਰਿਸ਼ਤੇਦਾਰ ਸੁਰਿੰਦਰ ਸਿੰਘ ਨੇ ਕਿਹਾ ਕਿ ਉਹ ਸੋਮਵਾਰ ਉਪ ਮੰਡਲ ਮੈਜਿਸਟਰੇਟ ਸਾਹਮਣੇ ਆਪਣੇ ਬਿਆਨ ਲਿਖਾਉਣਗੇ।
ਮੁੱਖ ਮੰਤਰੀ ਦੇ ਸਿਆਸੀ ਸਲਾਹਾਕਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਕਰੋਨਾ ਵਾਰਡ ਦੇ ਮਾੜੇ ਪ੍ਰਬੰਧ ਚਿੰਤਾਜਨਕ ਹਨ ਤੇ ਉਹ ਇਸ ਬਾਰੇ ਮੁੱਖ ਮੰਤਰੀ ਨੂੰ ਪਹਿਲਾਂ ਹੀ ਸੂਚਿਤ ਕਰ ਚੁੱਕੇ ਹਨ। ਸ੍ਰੀ ਢਿੱਲੋਂ ਨੇ ਕਿਹਾ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਕਰੋਨਾ ਵਾਰਡ ’ਚ ਇੱਕ ਹੀ ਬਾਥਰੂਮ (ਪੁਰਸ਼ ਤੇ ਔਰਤ ਮਰੀਜ਼ਾਂ ਲਈ) ਹੈ ਤੇ ਉਸ ਨੂੰ ਵੀ ਦਰਵਾਜ਼ਾ ਨਹੀਂ ਲੱਗਾ। ਇਸ ਸਬੰਧੀ ਮੈਡੀਕਲ ਕਾਲਜ ਦੇ ਸੁਪਰਡੈਂਟ ਡਾ. ਰਾਜੀਵ ਜੋਸ਼ੀ ਨੇ ਕਿਹਾ ਕਿ ਜੇ ਇਮਾਰਤ ਨੁਕਸਦਾਰ ਹੈ ਤਾਂ ਇਸ ’ਚ ਉਨ੍ਹਾਂ ਦਾ ਕੋਈ ਕਸੂਰ ਨਹੀਂ।