ਜਸਬੀਰ ਸਿੰਘ ਚਾਨਾ
ਫਗਵਾੜਾ, 1 ਮਈ
ਬੀਤੀ ਰਾਤ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਇੱਕ 35 ਸਾਲਾ ਨੌਜਵਾਨ ਦੀ ਕਰੋਨਾ ਨਾਲ ਮੌਤ ਹੋ ਗਈ ਜਿਸ ਦੀ ਪਛਾਣ ਪ੍ਰਦੀਪ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਉੱਚਾ ਲਧਾਣਾ ਬੰਗਾ ਵਜੋਂ ਹੋਈ ਹੈ। ਮ੍ਰਿਤਕ ਦੇ ਇੱਕ ਨੇੜਲੇ ਪਰਿਵਾਰਕ ਮੈਂਬਰ ਸੁਖਰਾਜ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਕੁਆਰਾ ਸੀ ਅਤੇ ਪਿੰਡ ਵਿੱਚ ਆਪਣੇ ਬਜ਼ੁਰਗ ਮਾਂ ਬਾਪ ਦੀ ਸੇਵਾ ਕਰਦਾ ਸੀ ਅਤੇ ਸਬਜ਼ੀ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ।
ਪਿਛਲੇ 2-3 ਦਿਨਾਂ ਤੋਂ ਉਸ ਨੂੰ ਬੁਖਾਰ ਚੜ੍ਹ ਗਿਆ ਤੇ ਉਸ ਦੇ ਕੁਝ ਰਿਸ਼ਤੇਦਾਰ ਉਸ ਨੂੰ ਫਗਵਾੜਾ ਲੈ ਆਏ ਜਿੱਥੇ ਟੈਸਟ ਕਰਵਾਉਣ ਦਾ ਕੰਮ ਸ਼ੁਰੂ ਕੀਤਾ। ਇੰਨੇ ਨੂੰ ਹੀ ਉਸਦੀ ਸਿਹਤ ਵਿਗੜ ਗਈ ਤੇ ਸਾਹ ਦੀ ਕਸਰ ਸ਼ੁਰੂ ਹੋ ਗਈ। ਉਸ ਨੂੰ ਪਹਿਲਾਂ ਸਿਵਲ ਹਸਪਤਾਲ ਦੇ ਲਾਗੇ ਇੱਕ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਇੱਥੋਂ ਦੇ ਇੱਕ ਪ੍ਰਮੁੱਖ ਹਸਪਤਾਲ ਭੇਜ ਦਿੱਤਾ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਇਹ ਕਹਿ ਕੇ ਤੋਰ ਦਿੱਤਾ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਵੈਂਟੀਲੇਟਰ ਚਲਾਉਣ ਦੀ ਇਜਾਜ਼ਤ ਨਹੀਂ ਹੈ। ਪਰਿਵਾਰ ਜਲੰਧਰ ਦੇ ਹਸਪਤਾਲਾਂ ਵਿੱਚ ਗਿਆ ਜਿੱਥੇ ਕਈ ਪ੍ਰਮੁੱਖ ਹਸਪਤਾਲਾਂ ’ਚ ਜਾਣ ਮਗਰੋਂ ਜਵਾਬ ਮਿਲ ਗਿਆ ਤੇ ਵਾਪਸ ਰਾਤ ਫਗਵਾੜੇ ਆ ਗਏ ਜਿੱਥੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਕੁਝ ਹੀ ਮਿੰਟਾਂ ਵਿੱਚ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਅੱਜ ਲਾਸ਼ ਲਿਜਾਣ ਮਗਰੋਂ ਪਿੰਡ ਵਿੱਚ ਸਸਕਾਰ ਕਰ ਦਿੱਤਾ ਹੈ।