ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 22 ਦਸੰਬਰ
ਕਿਸਾਨ ਦਾ ਸਬਰ ਪਰਖਿਆ ਜਾ ਰਿਹਾ ਹੈ। ਇਹ ਜਮਾਤ ਉਹ ਹੈ ਜਿਹੜੀ ਛੇ ਮਹੀਨਿਆਂ ਤੱਕ ਫ਼ਸਲ ਦੇ ਜਵਾਨ ਹੋਣ ਦੀ ਉਡੀਕ ਕਰਦੀ ਹੈ। ਫੇਰ ਕਿਸਾਨ ਉਸ ਨੂੰ ਮੰਡੀਆਂ ਵਿੱਚ ਵੇਚਣ ਲਈ ਕਈ ਦਿਨਾਂ ਤੱਕ ਦਿਨ ਰਾਤ ਬੈਠਾ ਰਹਿੰਦਾ ਹੈ।
ਸਾਰੇ ਮੌਸਮਾਂ ਤੇ ਉਨ੍ਹਾਂ ਨਾਲ ਆਈਆਂ ਮੁਸ਼ਕਲਾਂ ਨੂੰ ਪਿੰਡੇ ’ਤੇ ਹੰਡਾਉਂਦਾ ਹੈ। ਉਹ ਸਾਹੂਕਾਰਾਂ ਦੀਆਂ ਆਪਹੁਦਰੀਆਂ ਤੇ ਸਰਕਾਰਾਂ ਦਾ ਉਸ ਪ੍ਰਤੀ ਜ਼ਾਲਮਾਨਾ ਰਵੱਈਆ ਆਪਣੇ ਸਮੁੰਦਰੋਂ ਡੂੰਘੇ ਦਿਲ ਵਿੱਚ ਸੰਭਾਲ ਲੈਂਦਾ ਹੈ। ਉਸ ਨੂੰ ਪਤਾ ਹੈ ਕਿ ਉਸ ਦੇ ਪਿਓ-ਦਾਦਿਆਂ ਨਾਲ ਵੀ ਇੰਝ ਹੀ ਹੋਇਆ ਹੈ ਤੇ ਉਸ ਨਾਲ ਵੀ ਤੇ ਅੱਗੇ ਉਸ ਦੀ ਔਲਾਦ ਨਾਲ ਇੰਝ ਹੀ ਚੱਲੇਗਾ। ਇਹ ਸਬਰ ਉਸ ਨੂੰ ਜ਼ਿੰਦਾ ਰੱਖਦਾ ਹੈ ਤੇ ਤਾਕਤ ਦਿੰਦਾ ਹੈ। ਸਰਹੱਦਾਂ ’ਤੇ ਪੁੱਤ ਮਰਵਾਉਂਦਾ ਹੈ। ਉਸ ਦਾ ਸਬਰ ਡੋਲਦਾ ਨਹੀਂ। ਉਸ ਲਈ ਔਖਾ ਉਦੋਂ ਹੁੰਦਾ ਹੈ ਜਦੋਂ ਉਸ ਨੂੰ ਸਬਰ ਦਾ ਘੁੱਟ ਭਰਨਾ ਪੈਂਦਾ ਹੈ ਪਰ ਜਦੋਂ ਉਹ ਘੁੱਟ ਹਲਕ ਵਿੱਚ ਅੜ ਜਾਂਦਾ ਹੈ ਤਾਂ ਉਹ ਸੜਕਾਂ ’ਤੇ ਆਉਂਦਾ ਹੈ ਤੇ ਅੱਗੇ ਜੋ ਹੁੰਦਾ ਹੈ ਉਸ ਦੀ ਗਵਾਹੀ ਇਤਿਹਾਸ ਭਰ ਰਿਹਾ ਹੈ।
ਇਸ ਬਾਰੇ ਮਰਹੂਮ ਅਰਜਨ ਸਿੰਘ ਗੜਗੱਜ ਦੀ ਇਹ ਗੱਲ ਅਹਿਮ ਹੈ।
ਜਾਗ ਰਿਹਾ ਕਿਰਸਾਨ
ਅੱਜ ਦਾ ਜਾਗ ਰਿਹਾ ਕਿਰਸਾਨ
ਅੱਖਾਂ ’ਚੋਂ ਚੰਗਿਆੜੇ ਨਿਕਲਣ
ਸਾਹਾਂ ’ਚੋਂ ਤੂਫਾ਼ਨ
ਅੱਜ ਦਾ ਜਾਗ ਰਿਹਾ ਕਿਰਸਾਨ
ਖੇਤਾਂ ਦੀ ਰਖਵਾਲੀ ਲਈ ਤੁਰ ਪਏ, ਖੇਤਾਂ ਦੇ ਰਖਵਾਲੇ,
ਵਾਯੂ-ਮੰਡਲ ਵਿੱਚ ਨਾਹਰੇ ਗੂੰਜਦੇ, ਦੁਸ਼ਮਣ ਲਈ ਜੋ ਭਾਲੇ,
ਖੇਤ ਅਸਾਡੇ ਅਸੀਂ ਖੇਤਾਂ ਦੇ ਭਾਰ ਭਾਰ ਥਕ ਗਏ ਹਾਲੇ,
ਆ ਗਏ ਕਰਨ ਬੇਦਖਲ ਅਸਾਨੂੰ ਕਿਥੋਂ ਰਾਣੀ ਖਾਂ
ਅੱਜ ਦਾ ਜਾਗ ਪਿਆ ਕਿਰਸਾਨ।