ਖੇਤਰੀ ਪ੍ਰਤੀਨਿਧ
ਪਟਿਆਲਾ, 3 ਮਈ
ਇੱਥੇ 29 ਅਪਰੈਲ ਨੂੰ ਵਾਪਰੀ ਟਕਰਾਅ ਦੀ ਘਟਨਾ ਸਬੰਧੀ ਦਰਜ ਕੇਸ ’ਚ ਜਿੱਥੇ ਕਈ ਸਿੱਖ ਅਤੇ ਹਿੰਦੂ ਕਾਰਕੁਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਉੱਥੇ ਹੀ ਇੱਕ ਕੇਸ ’ਚ ਦੋ ਭਾਜਪਾ ਕਾਰਕੁਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧੀ ਭਾਵੇਂ ਕੋਈ ਵੀ ਪੁਲੀਸ ਅਧਿਕਾਰੀ ਅਧਿਕਾਰਤ ਤੌਰ ’ਤੇ ਤਾਂ ਪੁਸ਼ਟੀ ਨਹੀਂ ਕਰ ਰਿਹਾ, ਪਰ ਆਲ੍ਹਾ ਮਿਆਰੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ ਇੱਕ ਕਾਰਕੁਨ ਭਾਜਪਾ ਦਾ ਬਾਕਾਇਦਾ ਅਹੁਦੇਦਾਰ ਵੀ ਹੈ। ਘਟਨਾ ਤੋਂ ਬਾਅਦ ‘ਆਪ’ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਅਪਲੋਡ ਕਰਦਿਆਂ ਘਟਨਾ ’ਚ ਸਰਕਾਰ ਵਿਰੋਧੀ ਰਾਜਸੀ ਪਾਰਟੀਆਂ ਦਾ ਹੱਥ ਹੋਣ ਦੀ ਗੱਲ ਆਖੀ ਸੀ, ਜਿਨ੍ਹਾਂ ਨੇ ਆਪਣੇ ਕਾਰਕੁਨ ਭੇਜ ਕੇ ਦੋ ਫਿਰਕਿਆਂ ’ਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਪੋਸਟ ਦੇ ਨਾਲ ਫੋਟੋਆਂ ਵੀ ਅਟੈਚ ਕੀਤੀਆਂ ਹੋਈਆਂ ਸਨ, ਜਿਨ੍ਹਾਂ ’ਚੋਂ ਇੱਕ ਵਿੱਚ ਕੁਝ ਕਾਰਕੁਨਾਂ ਦੀ ਭੀੜ ’ਚ ਮੌਜੂਦ ਇੱਕ ਨੌਜਵਾਨ ਦੇ ਹੱਥ ’ਚ ਨੰਗੀ ਤਲਵਾਰ ਸੀ। ਇੱਕ ਹੋਰ ਕਾਰਕੁਨ ਉਸ ਦੇ ਨਾਲ ਹੀ ਖੜ੍ਹਾ ਨਜ਼ਰ ਆ ਰਿਹਾ ਹੈ। ਇੱਕ ਵੱਖਰੀ ਫੋਟੋ ’ਚ ਇਨ੍ਹਾਂ ਵਿੱਚੋਂ ਹੀ ਇੱਕ ਨੌਜਵਾਨ ਭਾਜਪਾ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਦਾ ਵੀ ਵਿਖਾਇਆ ਗਿਆ ਹੈ। ਉਂਜ. ਅਜੇ ਤੱਕ ਕਿਸੇ ਭਾਜਪਾ ਕਾਰਕੁਨ ਦੀ ਗ੍ਰਿ੍ਫ਼ਤਾਰੀ ਤਾਂ ਨਹੀਂ ਹੋਈ, ਪਰ ਸੂਤਰ ਦੱਸਦੇ ਹਨ ਕਿ ਘਟਨਾ ਵਾਲੇ ਸਥਾਨ ਨਾਲ ਸਬੰਧਤ ਪੁਲੀਸ ਦੇ ਹੱਥ ਲੱਗੀਆਂ ਕੁਝ ਵੀਡੀਓਜ਼ ਅਤੇ ਫੋਟੋਆਂ ਦੇ ਹਵਾਲੇ ਨਾਲ ਪੁਲੀਸ ਪਹਿਲਾਂ ਤੋਂ ਹੀ ਦਰਜ ਕੇਸ ’ਚ ਮੁਲਜ਼ਮਾਂ ਦੀ ਗਿਣਤੀ ਵਧਾ ਰਹੀ ਹੈ। ਅਜਿਹੀ ਕੜੀ ਵਜੋਂ ਹੀ ਇਨ੍ਹਾਂ ਦੋ ਭਾਜਪਾ ਕਾਰਕੁਨਾਂ ਨੂੰ ਨਾਮਜ਼ਦ ਕੀਤੇ ਜਾਣ ਦਾ ਸਮਾਚਾਰ ਹੈ। ਸੰਪਰਕ ਕਰਨ ’ਤੇ ਇੱੱਕ ਪੁਲੀਸ ਅਧਿਕਾਰੀ ਨੇ ਏਨਾ ਹੀ ਕਿਹਾ ਕਿ ਕਿਸੇ ਵੀ ਬੇਕਸੂਰ ਨੂੰ ਪਰਚੇ ’ਚ ਸ਼ਾਮਲ ਨਹੀਂ ਕੀਤਾ ਜਾਵੇਗਾ ਤੇ ਕਿਸੇ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।