ਚੰਡੀਗੜ੍ਹ (ਟਨਸ): ਪੰਜਾਬ ਬਿਓਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਬੀ. ਚੰਦਰ ਸ਼ੇਖਰ ਪਟਿਆਲਾ ਵਿੱਚ ਦੋ ਧੜਿਆਂ ਦਰਮਿਆਨ ਹੋਈਆਂ ਝੜਪਾਂ ਦੇ ਮਾਮਲੇ ਦੀ ਜਾਂਚ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਮਾਮਲੇ ਦੀ ਜਾਂਚ ਦੇ ਹੁਕਮਾਂ ਤੋਂ ਬਾਅਦ ਪੰਜਾਬ ਪੁਲੀਸ ਦੇ ਵਧੀਕ ਡੀਜੀਪੀ ਨੂੰ ਇਹ ਜਾਂਚ ਸੌਪੀ ਗਈ ਹੈ। ਸ੍ਰੀ ਸ਼ੇਖਰ ਨੂੰ ਇਸ ਜਾਂਚ ਲਈ ਹੋਰਨਾਂ ਪੁਲੀਸ ਅਧਿਕਾਰੀਆਂ ਦੀ ਮਦਦ ਲੈਣ ਲਈ ਵੀ ਕਿਹਾ ਗਿਆ ਹੈ। ਸੀਨੀਅਰ ਪੁਲੀਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਸ੍ਰੀ ਸ਼ੇਖਰ ਨੂੰ ਇਸ ਘਟਨਾ ਦੇ ਸਾਰੇ ਪਹਿਲੂਆਂ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਸੂਬਾ ਸਰਕਾਰ ਵੱਲੋਂ ਪਟਿਆਲਾ ਦੇ ਆਈਜੀ, ਜ਼ਿਲ੍ਹਾ ਪੁਲੀਸ ਮੁਖੀ, ਐੱਸਪੀ ਸਿਟੀ, ਡੀਐੱਸਪੀ ਅਤੇ ਥਾਣਾ ਮੁਖੀ ਤੱਕ ਤਬਦੀਲ ਕਰ ਦਿੱਤੇ ਗਏ ਸਨ। ਸੂਤਰਾਂ ਦਾ ਦੱਸਣਾ ਹੈ ਕਿ ਇੰਟੈਲੀਜੈਂਸ ਦੀਆਂ ਰਿਪੋਰਟਾਂ ਮੁਤਾਬਕ ਪਟਿਆਲਾ ਦੀਆਂ ਘਟਨਾਵਾਂ ਪੁਲੀਸ ਦੀ ਕਥਿਤ ਅਣਗਹਿਲੀ ਦਾ ਸਿੱਟਾ ਹਨ ਤੇ ਜੇ ਪੁਲੀਸ ਮੌਕੇ ਸਿਰ ਕਾਰਵਾਈ ਕਰਦੀ ਤਾਂ ਸਾਰੇ ਘਟਨਾਕ੍ਰਮ ਨੂੰ ਟਾਲਿਆ ਜਾ ਸਕਦਾ ਸੀ।