ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਮਈ
ਪਟਿਆਲਾ ਹਿੰਸਾ ਮਾਮਲੇ ਵਿਚ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਅੱਜ ਸ਼ਾਮ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਕੇ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਵੱਲੋਂ ਨਿਰਧਾਰਤ ਵਫ਼ਦ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਮਿਲੇ ਅਤੇ ਸਿੱਖ ਨੌਜਵਾਨਾਂ ਖ਼ਿਲਾਫ਼ ਵਧੀਕੀ ਨੂੰ ਰੋਕਣ ਲਈ ਚਾਰਾਜੋਈ ਕਰੇ। ਜਥੇਦਾਰ ਨੂੰ ਮਿਲਣ ਪਹੁੰਚੇ ਵਫ਼ਦ ਵਿੱਚ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ, ਸਿੱਖ ਯੂਥ ਫੈੱਡਰੇਸ਼ਨ ਭਿੰਡਰਾਂਵਾਲਾ, ਆਵਾਜ਼-ਏ-ਕੌਮ, ਜਥਾ ਨੀਲੀਆਂ ਫ਼ੌਜਾਂ ਆਦਿ ਦੇ ਨੁਮਾਇੰਦੇ ਪਰਮਪਾਲ ਸਿੰਘ, ਰਣਜੀਤ ਸਿੰਘ ਦਮਦਮੀ ਟਕਸਾਲ, ਮਨਜੀਤ ਸਿੰਘ ਕਰਤਾਰਪੁਰ, ਭੁਪਿੰਦਰ ਸਿੰਘ, ਹਰਜਿੰਦਰ ਸਿੰਘ ਤੇ ਹੋਰ ਸ਼ਾਮਲ ਸਨ। ਵਫ਼ਦ ਨੇ ਇਕ ਮੰਗ ਪੱਤਰ ਵੀ ਸੌਂਪਿਆ, ਜਿਸ ਵਿੱਚ ਸਰਕਾਰ ਕੋਲੋਂ ਨਿਰਪੱਖ ਜਾਂਚ ਕਰਾਉਣ ਦੀ ਮੰਗ ਅਤੇ ਜਾਂਚ ਰਿਪੋਰਟ ਆਉਣ ਤਕ ਸਿੱਖਾਂ ਦੀਆਂ ਗ੍ਰਿਫ਼ਤਾਰੀਆਂ ਰੋਕਣ ਦੀ ਮੰਗ ਕੀਤੀ ਹੈ। ਆਗੂਆਂ ਨੇ ਭਗਵੰਤ ਮਾਨ ਸਰਕਾਰ ’ਤੇ ਪਿਛਲੀਆਂ ਸਰਕਾਰਾਂ ਵਾਂਗ ਸਿੱਖ ਵਿਰੋਧੀ ਰਵੱਈਆ ਅਪਣਾਉਣ ਦਾ ਦੋਸ਼ ਲਾਉਂਦਿਆਂ ਇਸ ਘਟਨਾ ਨੂੰ ਸ਼ਿਵ ਸੈਨਾ ਦੀ ਕਥਿਤ ਸਾਜਿਸ਼ ਦੱਸਿਆ ਹੈ। ਉਨ੍ਹਾਂ ਨੇ ਸ਼ਿਵ ਸੈਨਾ ਆਗੂਆਂ ਨੂੰ ਮਿਲੇ ਸੁਰੱਖਿਆ ਕਰਮੀ ਵਾਪਸ ਲੈਣ ਤੇ ਉਨ੍ਹਾਂ ਦੀਆਂ ਜਾਇਦਾਦਾਂ ਦੀ ਜਾਂਚ ਦੀ ਮੰਗ ਵੀ ਕੀਤੀ।
ਪਟਿਆਲਾ (ਖੇਤਰੀ ਪ੍ਰਤੀਨਿਧ): ਸ਼ਹਿਰ ’ਚ ਹੋਈ ਹਿੰਸਾ ਸਬੰਧੀ ਸਿੱਖ ਨੌਜਵਾਨਾਂ ਦੀਆਂ ਕੀਤੀਆਂ ਜਾ ਰਹੀਆਂ ਗ੍ਰਿਫ਼ਤਾਰੀਆਂ ਦੇ ਮਾਮਲੇ ਬਾਰੇ ਅੱਜ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੌਲੀ ਦੀ ਅਗਵਾਈ ’ਚ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਵਫ਼ਦ ਨੇ ਇੱਥੇ ਐੱਸਐੱਸਪੀ ਦੀਪਕ ਪਾਰਿਕ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਂ ਸਿੱਖ ਕਾਰਕੁਨ ਬਲਜਿੰਦਰ ਸਿੰਘ ਪਰਵਾਨਾ ਨੂੰ ਘਟਨਾ ਦਾ ਮਾਸਟਰਮਾਈਂਡ ਐਲਾਨਣ ’ਤੇ ਇਤਰਾਜ਼ ਵੀ ਕੀਤਾ। ਵਫ਼ਦ ਦਾ ਤਰਕ ਸੀ ਕਿ ਟਕਰਾਅ ਵਾਲੇ ਸਥਾਨ ’ਤੇ ਪਰਵਾਨਾ ਗਿਆ ਹੀ ਨਹੀਂ। ਪੰਜੌਲੀ ਨੇ ਕਿਹਾ ਕਿ ਦੁਬੱਲੀ ਪੱਥਰਬਾਜ਼ੀ ਦੌਰਾਨ ਕਿਸੇ ਕਾਰਕੁਨ ਵੱਲ ਪੱਥਰ ਮਾਰਨ ਦੀ ਘਟਨਾ ਜ਼ਰੂਰ ਵਾਪਰੀ ਹੋ ਸਕਦੀ ਹੈ, ਪਰ ਇਸ ਨੂੰ ਮੰਦਰ ’ਤੇ ਹਮਲਾ ਕਹਿ ਕੇ ਨਹੀਂ ਪ੍ਰਚਾਰਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਘਟਨਾ ’ਚ ਸ਼ਾਮਲ ਵਿਅਕਤੀਆਂ ਦੀ ਉਹ ਹਮਾਇਤ ਨਹੀਂ ਕਰਦੇ, ਪਰ ਇਸ ਸਬੰਧੀ ਬੇਕਸੂਰ ਸਿੱਖ ਕਾਰਕੁਨਾਂ ’ਤੇ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕਰਨ ਗ਼ੈਰਵਾਜਬ ਹੈ। ਉਨ੍ਹਾਂ ਮੰਗ ਕੀਤੀ ਕਿ ਸਿੱਖ ਨੌਜਵਾਨਾਂ ਖ਼ਿਲਾਫ਼ ਦਰਜ ਕੀਤੇ ਜਾ ਰਹੇ ਗ਼ਲਤ ਪਰਚੇ ਰੱਦ ਕੀਤੇ ਜਾਣ ਤੇ ਪਾਰਦਰਸ਼ਤਾ ਨਾਲ ਹੀ ਕਾਰਵਾਈ ਕੀਤੀ ਜਾਵੇ। ਇਸ ’ਤੇ ਐੱਸਐੱਸਪੀ ਨੇ ਨਿਰਪੱਖ ਜਾਂਚ ਕਰਨ ਸਣੇ ਕਿਸੇ ਵੀ ਬੇਕਸੂਰ ਨੂੰ ਤੰਗ ਨਾ ਕਰਨ ਦਾ ਭਰੋਸਾ ਦਿਵਾਇਆ।