ਰਵੇਲ ਸਿੰਘ ਭਿੰਡਰ
ਪਟਿਆਲਾ, 3 ਜਨਵਰੀ
ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਇਥੇ ਰਿਹਾਇਸ਼ ਅੱਗੇ ਬੇਰੁਜਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਦਰਜਨ ਤੋਂ ਵੱਧ ਕਾਰਕੁਨਾਂ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਲਿਆ। ਇਹ ਬੇਰੁਜ਼ਗਾਰ ਕਾਰਕੁਨ ਰੁਜ਼ਗਾਰ ਪ੍ਰਾਪਤੀ ਦੀ ਮੰਗ ਨੂੰ ਲੈ ਕੇ ਸਰਕਾਰ ਖ਼ਿਲਾਫ਼ ਸ਼ਾਂਤਮਈ ਧਰਨਾ ਦੇ ਰਹੇ ਸਨ। ਪੁਲੀਸ ਵੱਲੋਂ ਹਿਰਾਸਤ ’ਚ ਲਏ ਪ੍ਰਦਰਸ਼ਨਕਾਰੀਆਂ ’ਚ ਕੁਝ ਲੜਕੀਆਂ ਤੇ ਕਿਸਾਨ ਯੂਨੀਅਨ ਦੇ ਕਾਰਕੁਨ ਸ਼ਾਮਲ ਸਨ। ਜਿਉਂ ਹੀ ਬੇਰੁਜ਼ਗਾਰਾਂ ਵੱਲੋਂ ਅੱਜ ਸਿੱਖਿਆ ਮੰਤਰੀ ਦੀ ਕੋਠੀ ਵੱਲ ਵਹੀਰਾਂ ਘੱਤੀਆਂ ਗਈਆਂ ਤਾਂ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਿੱਖਿਆ ਮੰਤਰੀ ਦੇ ਘਰ ਕੋਲ ਵੱਡੀ ਗਿਣਤੀ ਪੁਲੀਸ ਮੁਸਤੈਦ ਕਰ ਦਿੱਤੀ ਗਈ। ਮਗਰੋਂ ਬੇਰੁਜ਼ਗਾਰਾਂ ਵੱਲੋਂ ਸਿੱਖਿਆ ਮੰਤਰੀ ਦੇ ਘਰ ਕੋਲ ਪ੍ਰਦਰਸ਼ਨ ਕੀਤਾ। ਭਾਵੇਂ ਸਿੱਖਿਆ ਮੰਤਰੀ ਦੇ ਘਰੋਂ ਨੁਮਾਇੰਦੇ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰਦਰਸ਼ਨਕਾਰੀਆਂ ਨੇ ਇਨਕਾਰ ਕਰ ਦਿੱਤਾ। ਤਣਾਅ ਭਰੇ ਮਾਹੌਲ ਮਗਰੋਂ ਪੁਲੀਸ ਨੇ ਬੇਰੁਜ਼ਗਾਰਾਂ ਨੂੰ ਧਰਨੇ ਤੋਂ ਚੁੱਕ ਲਿਆ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।