ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਦਸੰਬਰ
ਕਰੋਨਾ ਵਾਇਰਸ ਦਾ ਕਹਿਰ ਮੱਠਾ ਪੈਣ ਮਗਰੋਂ ਸਰਕਾਰ ਵੱਲੋਂ ਨੌਕਰੀੳ ਹਟਾਏ ਜਾਣ ਦੇ ਰੋਸ ਵਜੋਂ ਸੇਵਾਵਾਂ ਦੀ ਬਹਾਲੀ ਲਈ ਪਟਿਆਲਾ ਵਿੱਚ 14 ਦਿਨਾਂ ਤੋਂ ਪੱਕਾ ਮੋਰਚਾ ਲਾ ਕੇ ਬੈਠੇ ਕਰੋਨਾ ਵਾਲੰਟੀਅਰਾਂ ਨੂੰ ਪੁਲੀਸ ਚੁੱਕ ਕੇ ਲੈ ਗਈ। ਪੁਲੀਸ ਨੇ ਇਹ ਕਾਰਵਾਈ ਅੱਜ ਵੱਡੇ ਤੜਕੇ ਕੀਤੀ। ਭਾਵੇਂ ਕਈ ਵਾਲੰਟੀਅਰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਖਿਸਕ ਗਏ ਪਰ ਦਰਜਨ ਵਾਲੰਟੀਅਰਾਂ ਨੂੰ ਪੁਲੀਸ ਚੁੱਕ ਲਿਆ। ਉਨ੍ਹਾਂ ਨੂੰ ਸਵੇਰ ਤੋਂ ਹੀ ਥਾਣਾ ਤ੍ਰਿਪੜੀ ਵਿੱਚ ਬੰਦ ਕੀਤਾ ਹੋਇਆ ਹੈ।
ਇਨ੍ਹਾਂ ਕਰੋਨਾ ਵਾਲੰਟੀਅਰਾਂ ਵਿੱਚ ਡਾਕਟਰ, ਨਰਸਾਂ, ਪੈਰਾ ਮੈਡੀਕਲ ਸਟਾਫ ਅਤੇ ਲੈਬ ਤਕਨੀਸ਼ੀਅਨ ਸ਼ਾਮਲ ਹਨ। ਇੱਥੇ ਸਰਹਿੰਦ ਚੌਕ ਵਿਚ ਦਿਨ ਰਾਤ ਦਾ ਪੱਕਾ ਧਰਨਾ ਲਾ ਕੇ ਬੈਠੇ ਇਨ੍ਹਾਂ ਵਾਲੰਟੀਅਰਾਂ ਵੱਲੋਂ ਤਿੰਨ ਦਸੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਘਿਰਾਓ ਕਰਨ ਦਾ ਐਲਾਨ ਕੀਤਾ ਸੀ ਪਰ ਇਸ ਤੋਂ ਪਹਿਲਾਂ ਹੀ ਦੋ ਦਸੰਬਰ ਦੇ ਵੱਡੇ ਤੜਕੇ ਭਾਰੀ ਗਿਣਤੀ ਵਿੱਚ ਆਈ ਪੁਲੀਸ ਫੋਰਸ ਇਨ੍ਹਾਂ ਨੂੰ ਚੁੱਕ ਕੇ ਲੈ ਗਈ ਅਤੇ ਉਨ੍ਹਾਂ ਵੱਲੋਂ ਲਾਇਆ ਗਿਆ ਟੈਂਟ ਵੀ ਪੁਲੀਸ ਨੇ ਉਖਾੜ ਦਿੱਤਾ। ਹਿਰਾਸਤ ਵਿੱਚ ਲਏ ਗਏ ਇਨ੍ਹਾਂ ਕਰੋਨਾ ਵਾਲੰਟੀਅਰਾਂ ਵਿੱਚ ਸੂਬਾ ਪ੍ਰਧਾਨ ਰਾਜਬਿੰਦਰ ਸਮੇਤ ਜ਼ਿਲ੍ਹਾ ਪ੍ਰਧਾਨ ਰਾਹੁਲ,, ਗਗਨਦੀਪ, ਗੁਰਪ੍ਰੀਤ ਕਕਰਾਲਾ, ਕੁਲਵੰਤ ਸਿੰਘ ਨਾਭਾ, ਰਾਜਵਿੰਦਰ ਸਿੰਘ ਪਾਤੜਾਂ ਦਵਿੰਦਰ ਸਿੰਘ ਕਕਰਾਲਾ ਦੇ ਨਾਮ ਸ਼ਾਮਲ ਹਨ।