ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਮਾਰਚ
ਪੰਜਾਬ ਯੂਟੀ ਮੁਲਾਜ਼ਮ- ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ ‘ਤੇ ਪੰਜਾਬ ਦੇ ਜ਼ਿਲ੍ਹਾ ਸਦਰ ਮੁਕਾਮਾਂ ‘ਤੇ ਭੁੱਖ ਹੜਤਾਲ ਅਤੇ ਰੈਲੀਆਂ ਕਰਦੇ ਆ ਰਹੇ ਹਨ। ਅੱਠ ਮਾਰਚ ਨੂੰ ਪੇਸ਼ ਹੋਣ ਵਾਲੇ ਬਜਟ ਵਿਚ ਮੁਲਾਜ਼ਮਾਂ ਨੂੰ ਅਣਗੌਲਿਆ ਕੀਤੇ ਜਾਣ ਦੀ ਸੰਭਾਵਨਾ ਜ਼ਾਹਰ ਕਰਦਿਆਂ ਮਲਾਜ਼ਮਾਂ ਵੱਲੋਂ ਉਸ ਦਿਨ ਪੰਜਾਬ ਭਰ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪੁਤਲੇ ਫੂਕੇ ਜਾਣਗੇ। ਇਸ ਦੇ ਨਾਲ ਹੀ ਮੁਲਾਜ਼ਮਾਂ ਦੇ ਸ਼ਹਿਰ ਪਟਿਆਲਾ ਨਾਲ ਸਬੰਧਤ ਮੁਲਾਜ਼ਮਾਂ ਵੱਲੋਂ ਦਸ ਮਾਰਚ ਨੂੰ ਲੋਕ ਨਿਰਮਾਣ ਭਵਨ ਦੇ ਮੁੱਖ ਦਫ਼ਤਰ ਤੋਂ ਮੁੱਖ ਮੰਤਰੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਤੱਕ ਵਾਹਨ ਮਾਰਚ ਵੀ ਕੀਤਾ ਜਾਵੇਗਾ।
ਇਹ ਐਲਾਨ ਅੱਜ ਇੱਥੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਦੇ ਆਗੂਆਂ ਦਰਸ਼ਨ ਸਿੰਘ ਲੁਬਾਣਾ, ਖੁਸ਼ਵਿੰਦਰ ਸਿੰਘ ਕਪਿਲਾ, ਬਚਿੱਤਰ ਸਿੰਘ, ਗੁਰਮੀਤ ਵਾਲੀਆ, ਸਵਰਨ ਬੰਗਾ, ਗੁਰਦੀਪ ਵਾਲੀਆ, ਸਤਪਾਲ ਰਾਹੀ, ਕੁਲਵੰਤ ਸੈਣੀ ਤੇ ਸੂਰਜਪਾਲ ਯਾਦਵ ਨੇ ਸਾਂਝੇ ਤੌਰ ‘ਤੇ ਕੀਤਾ।