ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਜੁਲਾਈ
ਰਾਜਪੁਰਾ ਵਿੱਚ ਭਾਜਪਾ ਆਗੂਆਂ ਨੂੰ ਘਰ ਵਿੱਚ ‘ਬੰਦੀ’ ਬਣਾਉਣ ਅਤੇ ਕੁਝ ਹੋਰ ਮਾਮਲਿਆਂ ਦੇ ਸਬੰਧ ਵਿੱਚ ਰਾਜਪੁਰਾ ਪੁਲੀਸ ਵੱਲੋਂ ਅੱਜ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਖਫ਼ਾ ਹੋਏ ਕਿਸਾਨਾਂ ਨੇ ਰਾਜਪੁਰਾ ਸਥਿਤ ਗਗਨ ਚੌਕ ਵਿੱਚ ਧਰਨਾ ਲਾ ਕੇ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ, ਜੋ ਸਵੇਰੇ 11 ਵਜੇ ਤੋਂ ਸ਼ਾਮ ਛੇ ਵਜੇ ਤੱਕ ਜਾਮ ਰਿਹਾ। ਕਿਸਾਨਾਂ ਦੀ ਜ਼ਿੱਦ ਅੱਗੇ ਝੁਕਦਿਆਂ ਪੁਲੀਸ ਨੇ ਹਿਰਾਸਤ ’ਚ ਲਏ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰ ਦਿੱਤਾ। ਇਸ ਤੋਂ ਬਾਅਦ ਕਿਸਾਨਾਂ ਨੇ ਇਹ ਧਰਨਾ ਚੁੱਕ ਲਿਆ। ਜਾਮ ਕਾਰਨ ਅੱਜ ਪੂਰਾ ਦਿਨ ਆਵਾਜਾਈ ਵਿੱਚ ਵਿਘਨ ਪਿਆ ਰਿਹਾ ਅਤੇ ਸੜਕ ਦੇ ਦੋਵੇਂ ਪਾਸੇ ਕਈ ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਕਈ ਸਾਲਾਂ ਮਗਰੋਂ ਇਹ ਹਾਈਵੇਅ ਏਨਾ ਲੰਮਾ ਸਮਾਂ ਜਾਮ ਰਿਹਾ ਹੈ। ਦੋ ਦਿਨ ਪਹਿਲਾਂ ਰਾਜਪੁਰਾ ਵਿੱਚ ਮੀਟਿੰਗ ਕਰਦੇ ਭਾਜਪਾ ਆਗੂਆਂ ਦਾ ਸੈਂਕੜੇ ਕਿਸਾਨਾਂ ਨੇ ਘਿਰਾਓ ਕਰ ਲਿਆ ਸੀ, ਜਿਨ੍ਹਾਂ ਨੂੰ ਪੁਲੀਸ ਨੇ ਸੋਮਵਾਰ ਵੱਡੇ ਤੜਕੇ ਬਾਰਾਂ ਘੰਟਿਆਂ ਤੋਂ ਬਾਅਦ ਮੁਕਤ ਕਰਵਾਇਆ ਸੀ। ਕਿਸਾਨਾਂ ਵੱਲੋਂ ਕੀਤੇ ਗਏ ਘਿਰਾਓ ਕਾਰਨ ਭਾਜਪਾ ਦਾ ਸੂਬਾਈ ਵਫ਼ਦ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲਿਆ ਸੀ, ਜਿਸ ਮਗਰੋਂ ਮੁੱਖ ਮੰਤਰੀ ਦੇ ਆਦੇਸ਼ਾਂ ’ਤੇ ਹੀ ਰਾਜਪੁਰਾ ਪੁਲੀਸ ਨੇ ਡੇਢ ਸੌ ਕਿਸਾਨਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਦਰਜ ਕੀਤੇ ਗਏ ਇਸ ਕੇਸ ਵਿੱਚ ਕਾਂਗਰਸੀ ਆਗੂ ਤੇ ਹੁਣ ਕਿਸਾਨੀ ਸੰਘਰਸ਼ ਵਿਚ ਸਰਗਰਮ ਮਨਜੀਤ ਸਿੰਘ ਘੁਮਾਣਾ ਸਮੇਤ ਹੈਪੀ ਹਸਨਪੁਰ ਅਤੇ ਕਈ ਹੋਰ ਵੀ ਸ਼ਾਮਲ ਹਨ।
ਇਸੇ ਦੌਰਾਨ ਕੌਮੀ ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੇਸ ਤੁਰੰਤ ਰੱਦ ਕੀਤੇ ਜਾਣ। ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਉੱਪਲ, ਕ੍ਰਾਂਤੀਕਾਰੀ ਸਮੇਤ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਦਰਸ਼ਨਪਾਲ, ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਤੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ, ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ, ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਪਰਵਿੰਦਰ ਸੋਹਾਣਾ ਸਮੇਤ ਕਈ ਹੋਰਨਾਂ ਨੇ ਕੇਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।